- ਹੁਣ ਤੱਕ 27 ਪਰਚੇ ਅਤੇ 4.5 ਲੱਖ ਰੁਪਏ ਜੁਰਮਾਨਾ ਕੀਤਾ ਗਿਆ
- ਜਿਲ੍ਹੇ ਵਿੱਚ ਕਿਸੇ ਵੀ ਕੀਮਤ ਤੇ ਪਰਾਲੀ ਨੂੰ ਅੱਗ ਨਹੀਂ ਲੱਗਣ ਦਿੱਤੀ ਜਾਵੇਗੀ
ਫਰੀਦਕੋਟ 15 ਨਵੰਬਰ : ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਨ ਨੂੰ ਦੂਸ਼ਿਤ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਸਾਹ ਦੇ ਰੋਗੀਆਂ ਨੂੰ ਧੂੰਏ ਰਾਹੀਂ ਪਹੁੰਚਾਈ ਜਾ ਰਹੀ ਹਾਨੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਭਾਰਤ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਦੇ ਹੁਕਮਾਂ ਤੇ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਜਿਲ੍ਹੇ ਵਿੱਚ ਹਰ ਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੁਲਿਸ ਵੱਲੋਂ ਸਾਰੇ ਜਿਲ੍ਹੇ ਨੂੰ ਸੈਕਟਰਾਂ ਵਿੱਚ ਵੰਡ ਕੇ 27 ਪਰਚੇ ਕੀਤੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੈਟੇਲਾਈਟ ਦੀ ਮਦਦ ਨਾਲ ਦਿਨ ਹੋਵੇ ਜਾਂ ਰਾਤ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਖੇਤਾਂ ਦੀ ਸਟੀਕ ਜਾਣਕਾਰੀ ਜਿਲ੍ਹਾ ਪ੍ਰਸ਼ਾਸ਼ਨ ਤੱਕ ਪਹੁੰਚ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਕਾਰਵਾਈ ਤੋਂ ਇਲਾਵਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਫੀਲਡ ਵਿਜ਼ਟ ਕਰਕੇ 181 ਅੱਗ ਲਗਾਉਣ ਵਾਲੀਆਂ ਘਟਨਾਵਾਂ ਦਾ ਪਤਾ ਕੀਤਾ ਜਾ ਚੁੱਕਿਆ ਹੈ। ਜਿੰਨਾ ਕਿਸਾਨਾਂ ਦੀਆਂ ਜ਼ਮੀਨਾਂ ਤੇ ਪਰਾਲੀ ਨੂੰ ਅੱਗ ਲਗਾਉਣ ਦੀਆਂ (181) ਘਟਨਾਵਾਂ ਵਾਪਰੀਆਂ ਹਨ, ਉਨ੍ਹਾਂ ਤੇ 4.5 ਲੱਖ ਰੁਪਏ ਜੁਰਮਾਨਾ ਸਰਕਾਰ ਵੱਲੋਂ ਥੋਪਿਆ ਜਾ ਚੁੱਕਿਆ ਹੈ, ਜਿਸ ਦੀ ਉਗਰਾਹੀ ਹਰ ਹੀਲੇ ਕੀਤੀ ਜਾਵੇਗੀ। ਸ੍ਰੀ ਵਿਨੀਤ ਕੁਮਾਰ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਰਿਆਇਤੀ ਦਰਾਂ (ਸਬਸਿਡੀ) ਤੇ ਮੁਹੱਈਆ ਕੀਤੀ ਮਸ਼ੀਨਰੀ ਸੁਪਰਸੀਡਰ, ਬੇਲਰ, ਹੈਪੀ ਸੀਡਰ, ਸਰਫੇਸ ਸੀਡਰ, ਸੁਪਰ ਐਸ.ਐਮ.ਐਸ., ਜਿਹੇ ਸੰਦਾਂ ਦਾ ਹੀ ਉਪਯੋਗ ਕਰਕੇ ਪਰਾਲੀ ਪ੍ਰਬੰਧਨ ਕੀਤਾ ਜਾਵੇ, ਨਾ ਕਿ ਅੱਗ ਲਗਾਈ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾ ਕੇ ਕਿਸਾਨ ਨਾ ਕੇਵਲ ਦੂਜਿਆਂ ਦੀ ਸਿਹਤ ਨੂੰ ਨੁਕਸਾਨ ਪੁਹੰਚਾਉਂਦੇ ਹਨ, ਬਲਕਿ ਉਹ ਖੁਦ ਵੀ ਆਪਣਾ ਆਲਾ-ਦੁਆਲਾ ਦੂਸ਼ਿਤ ਕਰਦੇ ਹਨ, ਜੋ ਕਿ ਇੱਕ ਬਹੁਤ ਹੀ ਮਾੜੀ ਪਿਰਤ ਹੈ। ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿੱਢੀ ਗਈ ਮੁਹਿੰਮ ਸਬੰਧੀ ਚਾਨਣਾ ਪਾਉਦਿਆਂ ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਸਬੰਧੀ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਸਮੁੱਚੀ ਟੀਮ ਦੇ ਨਾਲ ਨਾਲ ਹਰ ਪੁਲਿਸ ਕਰਮੀ ਅਤੇ ਅਧਿਕਾਰੀ ਵੀ ਖੇਤਾਂ ਵਿੱਚ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਪੱਬਾਂ ਭਾਰ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੀ ਹਦੂਦ ਅੰਦਰ ਪੈਂਦੇ ਹਰ ਵਾਹੀਯੋਗ ਰਕਬੇ ਨੂੰ ਸੈਕਟਰਾਂ ਵਿੱਚ ਵੰਡ ਕੇ ਸਿਵਲ ਅਤੇ ਪੁਲਿਸ ਦੇ ਅਧਿਕਾਰੀਆਂ ਦੀਆਂ ਸੰਯੁਕਤ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਟੀਮਾਂ ਆਪਣੇ, ਪ੍ਰਸ਼ਾਸ਼ਨ ਵੱਲੋਂ ਨਿਰਧਾਰਤ, ਇਲਾਕੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਲਈ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ। ਉਨ੍ਹਾਂ ਦੱਸਿਆ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਚੀਫ ਜਸਟਿਸ ਆਫ ਇੰਡੀਆ ਡੀ.ਵਾਈ ਚੰਦਰਚੁੜ੍ਹ ਵੱਲੋਂ ਕਣਕ ਦੀ ਬਿਜਾਈ ਤੋਂ ਪਹਿਲਾਂ ਝੋਨੇ ਦੀ ਨਾੜ੍ਹ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਹਰ ਕਿਸਮ ਦੇ ਹੀਲੇ ਵਰਤ ਕੇ ਅਤੇ ਕੜ੍ਹੇ ਕਦਮ ਚੁੱਕਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਇਨ੍ਹਾਂ ਹੁਕਮਾਂ ਦੇ ਚੱਲਦਿਆਂ ਜਿੰਨਾ ਅਧਿਕਾਰੀਆਂ/ਕਰਮਚਾਰੀਆਂ ਦੀਆਂ ਡਿਊਟੀਆਂ ਇਸ ਕਾਰਜ ਲਈ ਲਗਾਈਆਂ ਗਈਆਂ ਹਨ, ਉਨ੍ਹਾਂ ਵੱਲੋਂ ਕਿਸੇ ਕਿਸਮ ਦੀ ਕੁਤਾਹੀ ਜਾ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।