ਫਾਜਿ਼ਲਕਾ, 18 ਜਨਵਰੀ : ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ *ਤੇ ਬੇਸਹਾਰਾ ਪਸ਼ੂਆਂ ਨੂੰ ਗਉਸ਼ਾਲਾ ਵਿਖੇ ਭੇਜਣ ਦੀ ਮੁਹਿੰਮ ਲਗਾਤਾਰ ਜਾਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਬੇਸਹਾਰਾ ਪਸ਼ੂਆਂ ਨੂੰ ਪਿੰਡ ਸਲੇਮਸ਼ਾਹ ਵਿਖੇ ਸਰਕਾਰੀ ਗਉਸ਼ਾਲਾ ਵਿਖੇ ਭੇਜਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸਰਦੀ ਦੇ ਮੌਸਮ ਅਤੇ ਧੁੰਦ ਨੂੰ ਧਿਆਨ ਵਿਚ ਰੱਖਦਿਆਂ ਬੇਸਹਾਰਾ ਪਸ਼ੁਆਂ ਕਰਕੇ ਕੋਈ ਵੀ ਘਟਨਾ ਨਾ ਵਾਪਰੇ ਇਸ ਲਈ ਇਹ ਗਤੀਵਿਧੀਆ ਉਲੀਕੀਆਂ ਜਾ ਰਹੀਆਂ ਹਨ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬੇਸਹਾਰਾ ਪਸ਼ੂਆਂ ਨੂੰ ਸਰਕਾਰੀ ਗਉਸ਼ਾਲਾ ਵਿਖੇ ਭੇਜਣ ਦੀ ਪ੍ਰਕਿਰਿਆ ਆਰੰਭੀ ਗਈ ਹੈ। ਫਾਜ਼ਿਲਕਾ ਵਿਚੋਂ ਬਾਰਡਰ ਰੋਡ ਤੋਂ 60 ਦੇ ਕਰੀਬ ਪਸ਼ੂਆਂ ਨੁੰ ਗਉਸ਼ਾਲਾ ਵਿਖੇ ਭੇਜਿਆ ਗਿਆ। ਇਹ ਪ੍ਰਕਿਰਿਆ ਅਗੇ ਵੀ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ ਵਿਖੇ ਭੇਜੇ ਜਾ ਰਹੇ ਬੇਸਹਾਰਾ ਪਸ਼ੂਆਂ ਦੀ ਪਸ਼ੂ ਪਾਲਣ ਵਿਭਾਗ ਦੇ ਸਟਾਫ ਵੱਲੋਂ ਵੈਕਸੀਨੇਸ਼ਨ ਵੀ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਧੁੰਦ ਦੇ ਮੌਸਮ ਵਿਚ ਜ਼ਰੂਰੀ ਕੰਮ ਹੋਣ *ਤੇ ਵੀ ਬਾਹਰ ਨਿਕਲਿਆ ਜਾਵੇ। ਇਸ ਤੋਂ ਇਲਾਵਾ ਵਹੀਕਲਾਂ *ਤੇ ਜਾਂਦੇ ਸਮੇਂ ਆਪਣੇ ਵਹੀਕਲ ਦੀ ਗਤੀ ਨੂੰ ਵੀ ਹੌਲੀ ਰਖਿਆ ਜਾਵੇ ਤਾਂ ਜੋ ਕੋਈ ਵੀ ਦੁਰਘਟਨਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਧੁੰਦੇ ਦੇ ਮੌਸਮ ਵਿਚ ਵੀਜੀਬਿਲਟੀ ਜਿਆਦਾ ਨਾ ਹੋਣ ਕਰਕੇ ਸਾਹਮਣੇ ਤੋਂ ਆਉਂਦੇ ਵਹੀਕਲ ਜਾਂ ਸੜਕ ਵਿਚਕਾਰ ਪਸ਼ੂਆਂ ਦਾ ਪਤਾ ਨਹੀ ਲਗਦਾ ਜਿਸ ਕਰਕੇ ਦੁਰਘਟਨਾਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਮੌਕੇ ਨਗਰ ਕੌਂਸਲ ਤੋਂ ਨਰੇਸ਼ ਖੇੜਾ, ਕੈਟਲ ਪੋਂਡ ਦੇ ਕੇਅਰ ਟੇਕਰ ਸੋਨੂੰ ਕੁਮਾਰ, ਪਸ਼ੂ ਪਾਲਣ ਵਿਭਾਗ ਤੋਂ ਕੁਲਵੰਤ, ਨਿਤਿਨ ਸ਼ਰਮਾ, ਵਿਨੋਦ ਕੁਮਾਰ ਆਦਿ ਹਾਜਰ ਸਨ।