- ਲੋਕਾਂ ਦੀਆਂ ਮੁਸ਼ਕਿਲਾਂ ਦੇ ਫੌਰੀ ਹੱਲ ਲਈ ਦਿੱਤੇ ਨਿਰਦੇਸ਼
ਫ਼ਰੀਦਕੋਟ 08 ਫ਼ਰਵਰੀ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਫ਼ਰੀਦਕੋਟ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਲੋਕ ਸੁਵਿਧਾ ਕੈਂਪ ਲਗਾਏ ਗਏ। ਇਸ ਮੌਕੇ ਫ਼ਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਵਾਰਡ ਨੰ- 4,5,6,7, ਪਿੰਡ ਕਿਲ੍ਹਾ ਨੌਂ ਅਤੇ ਮਚਾਕੀ ਖੁਰਦ ਵਿਖੇ ਲੱਗੇ ਇਨ੍ਹਾਂ ਕੈਂਪਾਂ ਵਿੱਚ ਨਿੱਜੀ ਤੌਰ ਤੇ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਮੁਸ਼ਕਲਾਂ ਦੇ ਹੱਲ ਕਰਨ ਲਈ ਨਿਰਦੇਸ਼ ਵੀ ਦਿੱਤੇ। ਸ.ਸੇਖੋਂ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਜਰੀਏ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋ ਛੱਤ ਥੱਲੇ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ ਅਤੇ ਨਾਗਰਿਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਮੌਕੇ ਉੱਤੇ ਪ੍ਰਾਪਤ ਦਰਖਾਸਤਾਂ ਦੀ ਐਂਟਰੀ ਇਕ ਵਿਸ਼ੇਸ਼ ਸਾਫਟਵੇਅਰ ਵਿੱਚ ਕੀਤੀ ਜਾਂਦੀ ਹੈ ਜਿਸ ਦੀ ਨਿਗਰਾਨੀ ਉੱਚ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਹਰ ਇਕ ਬਿਨੈਕਾਰ ਦਾ ਰਿਕਾਰਡ ਰੱਖਿਆ ਜਾ ਰਿਹਾ ਹੈ ਤਾਂ ਜੋ ਜੇਕਰ ਕਿਸੇ ਵੀ ਬਿਨੈਕਾਰ ਨੂੰ ਸੇਵਾ ਦੇਣ ਵਿੱਚ ਦੇਰੀ ਹੁੰਦੀ ਹੈ ਜਾਂ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਸਬੰਧੀ ਰਿਕਾਰਡ ਆਸਾਨੀ ਨਾਲ ਮਿਲ ਸਕੇ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਨ੍ਹਾਂ ਕੈਂਪਾਂ ਵਿੱਚ ਪੁੱਜ ਕੇ ਲਾਹਾ ਲੈਣ। ਉਨ੍ਹਾਂ ਦੱਸਿਆ 43 ਲੋਕ ਭਲਾਈ ਸੇਵਾਵਾਂ ਸਬੰਧੀ ਕੰਮ ਇਨ੍ਹਾਂ ਕੈਂਪਾਂ ਵਿੱਚ ਨਬੇੜੇ ਜਾ ਰਹੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਵੱਖ ਵੱਖ ਨੋਡਲ ਅਫਸਰਾਂ ਦੀ ਡਿਊਟੀ ਲਗਾਈ ਗਈ ਹੈ। ਅੱਜ ਫ਼ਰੀਦਕੋਟ ਦੇ ਵਾਰਡ ਨੰ- 4,5,6,7,ਪਿੰਡ ਮਚਾਕੀ ਖੁਰਦ,ਅਤੇ ਕਿਲਾ ਨੌ, ਅਰਾਈਵਾਲਾ ਕਲਾਂ, ਅਤੇ ਗੋਲੇਵਾਲਾ ਬਲਾਕ ਕੋਟਕਪੂਰਾ ਦੇ ਵਾਰਡ ਨੰ-4, ਪਿੰਡ ਢਿੱਲਵਾਂ ਕਲਾਂ, ਫਿੱਡੇ ਕਲਾ ਅਤੇ ਬਲਾਕ ਜੈਤੋ ਦੇ ਵਾਰਡ ਨੰ-3 ਪਿੰਡ ਬਹਿਬਲ ਖੁਰਦ ਅਤੇ ਗੁਰੂਸਰ ਵਿਖੇ ਕੈਂਪ ਲਗਾਏ ਗਏ। ਉਨ੍ਹਾਂ ਦੱਸਿਆ ਕਿ ਮਿਤੀ 09 ਫ਼ਰਵਰੀ ਨੂੰ ਫ਼ਰੀਦਕੋਟ ਦੇ ਪਿੰਡ ਚੱਕ ਕਾਲਾ ਤੋਲਾ, ਕਾਬਲ ਵਾਲਾ, ਹਸਨਭੱਟੀ, ਮੱਲੇਵਾਲਾ ਬਲਾਕ ਕੋਟਕਪੂਰਾ ਦੇ ਵਾਰਡ ਨੰ-5, ਜਿਉਣ ਵਾਲਾ, ਸੰਧਵਾਂ ਅਤੇ ਬਲਾਕ ਜੈਤੋ ਦੇ ਵਾਰਡ ਨੰ- 4, ਬਰਗਾੜੀ, ਸਰਾਵਾਂ ਵਿਖੇ ਕੈਂਪ ਲਗਾਏ ਜਾਣਗੇ।