- ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਦੀ ਸਹਿਯੋਗ ਲਈ ਕੀਤੀ ਸਲਾਘਾ
ਫਾਜਿਲ਼ਕਾ, 14 ਨਵੰਬਰ : ਫਾਜਿਲ਼ਕਾ ਜਿ਼ਲ੍ਹੇ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਪਿੱਛਲੇ ਸਾਲ ਦੇ ਮੁਕਾਬਲੇ 71 ਫੀਸਦੀ ਦੀ ਕਮੀ ਆਈ ਹੈ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਨਵੰਬਰ ਦੀ ਮਿਤੀ ਤੱਕ ਸਾਲ 2022 ਵਿਚ ਜਿ਼ਲ੍ਹੇ ਵਿਚ ਪਰਾਲੀ ਸਾੜਨ ਦੀਆਂ 2021 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ ਜਦ ਕਿ ਇਸ ਸਾਲ 13 ਨਵੰਬਰ ਤੱਕ 586 ਮਾਮਲੇ ਹੀ ਉਪਗ੍ਰਹਿ ਵੱਲੋਂ ਫੜੇ ਗਏ ਹਨ। ਇੰਨ੍ਹਾਂ ਵਿਚੋਂ ਵੀ 378 ਥਾਂਵਾਂ ਦੀ ਭੌਤਿਕ ਪੜਤਾਲ ਕੀਤੀ ਗਈ ਜਿਸ ਵਿਚੋਂ 212 ਮਾਮਲੇ ਅਜਿਹੇ ਪਾਏ ਗਏ ਜਿੱਥੇ ਅੱਗ ਲੱਗਣ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਤਰਾਂ ਜਿ਼ਲ੍ਹੇ ਵਿਚ ਪਿੱਛਲੇ ਸਾਲ ਦੇ ਮੁਕਾਬਲੇ ਕਿਸਾਨਾਂ ਨੇ ਵਾਤਾਵਰਨ ਪ੍ਰਤੀ ਆਪਣੇ ਫਰਜਾਂ ਨੂੰ ਪਹਿਚਾਣਦਿਆਂ ਬਹੁਤ ਘੱਟ ਪਰਾਲੀ ਨੂੰ ਅੱਗ ਲਗਾਈ ਹੈ। ਡਿਪਟੀ ਕਮਿਸ਼ਨਰ ਨੇ ਇਸ ਲਈ ਜਿ਼ਲ੍ਹੇ ਦੇ ਕਿਸਾਨਾਂ ਦੀ ਜੋਰਦਾਰ ਸਲਾਘਾ ਕਰਦਿਆਂ ਕਿਹਾ ਹੈ ਕਿ ਕਿਸਾਨਾਂ ਵੱਲੋਂ ਵੱਖ ਵੱਖ ਤਰੀਕਿਆਂ ਨਾਲ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਇਸਦਾ ਨਿਬੇੜਾ ਕੀਤਾ ਜਾ ਰਿਹਾ ਹੈ। ਜਿ਼ਲ੍ਹੇ ਵਿਚ ਮਲਚਿੰਗ ਵਿਧੀ ਵੀ ਕਾਫੀ ਪ੍ਰਚਲਿਤ ਹੋ ਰਹੀ ਹੈ ਜਿਸ ਤਹਿਤ ਕਣਕ ਦੀ ਪਰਾਲੀ ਵਿਚ ਹੀ ਬੀਜ ਤੇ ਖਾਦ ਦਾ ਛਿੱਟਾ ਦੇ ਕੇ ਉਪਰ ਰੀਪਰ ਮਾਰ ਕੇ ਪਾਣੀ ਲਗਾ ਦਿੱਤਾ ਜਾਂਦਾ ਹੈ। ਇਸਤੋਂ ਬਿਨ੍ਹਾਂ ਸਰਕਾਰ ਵੱਲੋਂ ਵੀ ਵੱਡੀ ਪੱਧਰ ਤੇ ਮਸ਼ੀਨਾਂ ਸਬਸਿਡੀ ਤੇ ਉਪਲਬੱਧ ਕਰਵਾਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਹੁਣ ਤੱਕ 122 ਅੱਗ ਲਗਾਉਣ ਵਾਲਿਆਂ ਦੇ ਚਲਾਨ ਕੀਤੇ ਗਏ ਹਨ ਅਤੇ 315000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਸਮੱਸਿਆ ਨਹੀਂ ਸਗੋਂ ਕਿਸਾਨ ਦਾ ਸ਼ਰਮਾਇਆ ਹੈ, ਇਹ ਜਮੀਨ ਦੀ ਉਪਜਾਊ ਸ਼ਕਤੀ ਵਧਾਉਣ ਦਾ ਵਸੀਲਾ ਹੈ, ਇਸ ਨੂੰ ਅੱਗ ਨਾ ਲਗਾਓ ਸਗੋਂ ਇਸ ਨੂੰ ਮਿੱਟੀ ਵਿਚ ਮਿਲਾ ਕੇ ਹੀ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਜਮੀਨ ਵਿਚ ਕਾਰਬਨਿਕ ਮਾਦਾ ਵਧੇ ਅਤੇ ਕਿਸਾਨ ਦੀ ਜਮੀਨ ਹੋਰ ਜਿਆਦਾ ਉਪਜ ਦੇਵੇ।