- ਮੋਟਰਾਈਜਡ ਟ੍ਰਾਈਸਾਇਕਲ, ਨਕਲੀ ਅੰਗ, ਟ੍ਰਾਈਸਾਇਕਲ ਤੇ ਕੰਨਾਂ ਦੀਆਂ ਮਸ਼ੀਨਾਂ ਤਕਸੀਮ ਕਰਕੇ ਦਿਵਿਆਂਗਜਨ ਦੀਆਂ ਸਮੱਸਿਆਵਾਂ ਦਾ ਕੀਤਾ ਹੱਲ
ਪਟਿਆਲਾ, 1 ਜੂਨ : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ. ਬਲਜੀਤ ਦੀ ਦੇਖ-ਰੇਖ ਹੇਠ ਅਲਿਮਕੋ (ਆਰਟੀਫ਼ਿਸ਼ਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ) ਦੇ ਸਹਿਯੋਗ ਨਾਲ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਤਿੰਨ ਕੈਂਪ ਲਗਾਕੇ ਜ਼ਿਲ੍ਹੇ ਦੇ 257 ਦਿਵਿਆਂਗਜਨਾਂ ਨੂੰ 466 ਉਪਕਰਨਾਂ ਦੀ ਵੰਡ ਕੀਤੀ ਗਈ ਹੈ। ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਅਸੈਸਮੈਂਟ ਨਵੰਬਰ 2022 ਦੇ ਆਧਾਰ 'ਤੇ ਪਟਿਆਲਾ, ਸਮਾਣਾ ਤੇ ਰਾਜਪੁਰਾ ਵਿਖੇ ਕੈਂਪ ਲਗਾਕੇ ਲੋੜਵੰਦਾਂ ਨੂੰ ਸਾਮਾਨ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਿੱਤੇ ਗਏ ਉਪਕਰਨਾਂ ਵਿੱਚ 65 ਮੋਟਰਾਈਜਡ ਟ੍ਰਾਈਸਕਾਇਕਲ, 53 ਟ੍ਰਾਈਸਕਾਇਕਲ, 54 ਵੀਲ੍ਹਚੇਅਰ, 26 ਕੰਨਾਂ ਦੀਆਂ ਮਸ਼ੀਨਾਂ, 33 ਨਕਲੀ ਅੰਗ/ਕੈਲੀਪਰ, 15 ਐਮ.ਆਰ. ਕਿੱਟਾਂ, 86 ਫ਼ੌੜੀਆਂ, 25 ਸਟਿੱਕਾਂ, 7 ਰੋਲੇਟਰ, ਇਕ ਸਮਾਰਟ ਫੋਨ ਸਮੇਤ ਅਤੇ ਹੋਰ ਸਮਾਨ ਸ਼ਾਮਲ ਹੈ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਵਿਭਾਗ ਵੱਲੋਂ ਲਗਾਤਾਰ ਯੋਗ ਲਾਭਪਾਤਰੀਆਂ ਤੱਕ ਸਰਕਾਰ ਵੱਲੋਂ ਦਿੱਤੇ ਜਾਂਦੇ ਲਾਭ ਪੁੱਜਦੇ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਜਿਸ ਤਹਿਤ ਤਿੰਨ ਕੈਂਪ ਲਗਾਕੇ ਦਿਵਿਆਂਗਜਨਾਂ ਨੂੰ ਉਪਕਰਨਾਂ ਦੀ ਵੰਡ ਕੀਤੀ ਗਈ ਹੈ ਅਤੇ ਬਜ਼ੁਰਗਾਂ, ਵਿਧਵਾ ਅਤੇ ਆਸ਼ਰਿਤ ਬੱਚਿਆਂ ਨੂੰ ਵੀ ਹਰੇਕ ਮਹੀਨੇ ਪੈਨਸ਼ਨ ਉਨ੍ਹਾਂ ਦੇ ਖਾਤਿਆਂ 'ਚ ਪਾਈ ਜਾ ਰਹੀ ਹੈ।