ਲਹਿਰਾਗਾਗਾ, 13 ਜਨਵਰੀ : ਲਹਿਰਾਗਾਗਾ ਦੀ ਗਊਸ਼ਾਲਾ 'ਚ ਭੇਦਭਰੇ ਹਾਲਾਤ ਵਿੱਚ 21 ਗਊਆਂ ਦੀ ਮੌਤ ਹੋਣ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਸੋਗ ਦਾ ਮਾਹੌਲ ਹੈ। ਪ੍ਰਸ਼ਾਸਨ ਤੇ ਡਾਕਟਰਾਂ ਦੀਆਂ ਟੀਮਾਂ ਜਾਂਚ 'ਚ ਜੁੱਟ ਗਈਆਂ ਹਨ। ਸੂਚਨਾ ਮਿਲਣ ਉਤੇ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਵੀ ਮੌਕੇ ਉਪਰ ਮੌਜੂਦ ਹਨ। ਗਊਸ਼ਾਲਾ 'ਚ ਤਕਰੀਬਨ 2000 ਗਊਆਂ ਰੱਖੀਆਂ ਹੋਈਆਂ ਹਨ। ਇਸ ਘਟਨਾ ਦਾ ਪਤਾ ਚਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਡਾਕਟਰਾਂ ਦੀ ਟੀਮ ਨਾਲ ਗਾਊਸ਼ਾਲਾ ਵਿੱਚ ਪਹੁੰਚ ਗਿਆ। ਮੌਕੇ ਉਤੇ ਪਹੁੰਚੇ ਹੋਏ ਐਸਡੀਐਮ ਸੂਬਾ ਸਿੰਘ ਨੇ ਦੱਸਿਆ ਕਿ ਇਹ ਘਟਨਾ ਬੀਤੇ ਦੇਰ ਰਾਤ ਦੀ ਹੈ। ਰਾਤ ਸਮੇਂ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਗਾਵਾਂ ਦੀ ਮੌਤ ਸਬੰਧੀ ਖਬਰ ਮਿਲੀ ਸੀ। ਜਿਸ ਤੋਂ ਬਾਅਦ ਪਸ਼ੂ ਹਸਪਤਾਲ ਤੋਂ ਡਾਕਟਰ ਮੌਕੇ ਉਤੇ ਪਹੁੰਚ ਗਏ ਸਨ। ਡਾਕਟਰ ਵੱਲੋਂ ਪਸ਼ੂਆਂ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਸਫਲ ਨਹੀਂ ਰਹੀ। ਪਰ ਸਵੇਰ ਤੱਕ 20 ਦੇ ਕਰੀਬ ਗਊਆਂ ਦੀ ਮੌਤ ਹੋ ਗਈ ਜਿਸ ਦੇ ਚੱਲਦੇ ਪੂਰੇ ਸ਼ਹਿਰ ਵਿੱਚ ਸੋਗ ਦਾ ਮਾਹੌਲ ਹੈ। ਡਾਕਟਰਾਂ ਦੀਆਂ ਟੀਮਾਂ ਜਾਂਚ ਕਰ ਰਹੀਆਂ ਹਨ ਕਿ ਆਖਰ ਇਨ੍ਹਾਂ ਦੀ ਹਾਲਤ ਕਿਸ ਤਰ੍ਹਾਂ ਵਿਗੜੀ ਅਤੇ ਮੌਤ ਦੀ ਅਸਲ ਵਜ੍ਹਾ ਕੀ ਹੈ। ਮ੍ਰਿਤਕ ਗਊਆਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ। ਫਿਲਹਾਲ ਜਿਹੜੀ ਗਊਆਂ ਨੂੰ ਫੀਡ ਚਾਰੇ ਦੇ ਰੂਪ ਵਿੱਚ ਦਿੱਤੀ ਜਾਂਦੀ ਸੀ ਉਸ ਨੂੰ ਰੋਕ ਦਿੱਤਾ ਗਿਆ ਕਿਉਂਕਿ ਉਸ ਨੂੰ ਜਾਂਚ ਤੋਂ ਬਾਅਦ ਹੀ ਗਊਆਂ ਨੂੰ ਦਿੱਤਾ ਜਾਵੇਗਾ ਪਰ ਮੌਤ ਦਾ ਕਾਰਨ ਕੀ ਰਿਹਾ ਇਹ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ। ਕਾਬਿਲੇਗੌਰ ਹੈ ਕਿ ਨਵੰਬਰ ਮਹੀਨੇ ਵਿੱਚ ਰਾਮਾਮੰਜੀ ਨੇੜਲੇ ਪਿੰਡ ਤਰਖਾਣਵਾਲਾ ਦੀ ਗਊਸ਼ਾਲਾ 'ਚ ਦਸ ਗਊਆਂ ਦੀ ਮੌਤ ਹੋ ਗਈ ਸੀ, ਜਦਕਿ ਦਰਜਨ ਤੋਂ ਵੱਧ ਗਊਆਂ ਦੀ ਹਾਲਤ ਗੰਭਰੀ ਬਣੀ ਹੋਈ ਸੀ ਅਤੇ ਕਈਆਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਗਊਸ਼ਾਲਾ 'ਚ ਪਹੁੰਚ ਗਏ ਜਿੱਥੇ ਡਾਕਟਰਾਂ ਵੱਲੋਂ ਗਊਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਗਾਵਾਂ ਦੀ ਮੌਤ ਦਾ ਸਿਲਸਿਲਾ ਸ਼ਨੀਵਾਰ ਨੂੰ ਉਸ ਸਮੇਂ ਸ਼ੁਰੂ ਹੋਇਆ ਜਦੋਂ ਚਾਰ ਗਾਵਾਂ ਦੀ ਮੌਤ ਹੋ ਗਈ ਅਤੇ ਕਈ ਗਾਵਾਂ ਦੀ ਹਾਲਤ ਨਾਜ਼ੁਕ ਹੋ ਗਈ।