- ਡਿਪਟੀ ਕਮਿਸ਼ਨਰ ਵੱਲੋਂ ਭੱਠਾ ਮਾਲਕਾਂ ਨੂੰ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ
ਫਾਜਿ਼ਲਕਾ, 2 ਨਵੰਬਰ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਆਖਿਆ ਹੈ ਕਿ ਸਰਕਾਰ ਵੱਲੋਂ ਇੰਟਾਂ ਦੇ ਭੱਠਿਆਂ ਵਿਚ ਵਰਤੇ ਜਾਣ ਵਾਲੇ ਬਾਲਣ ਵਿਚ 20 ਫੀਸਦੀ ਹਿੱਸਾ ਪਰਾਲੀ ਤੋਂ ਬਣੀਆਂ ਪੈਲਟਸ ਹੋਣਾ ਲਾਜਮੀ ਕੀਤਾ ਗਿਆ ਹੈ ਅਤੇ ਸਾਰੇ ਭੱਠਾ ਮਾਲਕ ਇਸ ਨਿਯਮ ਦਾ ਸਖ਼ਤੀ ਨਾਲ ਪਾਲਣ ਕਰਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਨਿਯਮ ਲਾਗੂ ਹੋ ਚੁੱਕਾ ਹੈ ਅਤੇ ਉਲੰਘਣਾ ਕਰਨ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਸਿਰਫ ਕਿਸਾਨ ਦੀ ਸਮੱਸਿਆ ਨਹੀਂ ਹੈ ਸਗੋਂ ਕਿਸਾਨ ਪੂਰੇ ਸਮਾਜ ਲਈ ਅਨਾਜ ਪੈਦਾ ਕਰਦਾ ਹੈ, ਇਸ ਲਈ ਸਮਾਜ ਦੀ ਹਰੇਕ ਧਿਰ ਨੂੰ ਪਰਾਲੀ ਦੀ ਸੰਭਾਲ ਵਿਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਬਕਾਇਦਾ ਖੋਜ਼ ਉਪਰੰਤ ਹੀ ਇਹ ਨਿਯਮ ਬਣਾਇਆ ਗਿਆ ਹੈ ਅਤੇ ਇਸ ਤਰਾਂ ਕਰਨ ਨਾਲ ਕਾਫੀ ਮਾਤਰਾ ਵਿਚ ਭੱਠਿਆਂ ਵਿਚ ਪਰਾਲੀ ਦੀ ਖਪਤ ਹੋਣ ਨਾਲ ਪਰਾਲੀ ਦੇ ਨਿਪਟਾਰੇ ਵਿਚ ਸੌਖ ਹੋਵੇਗੀ। ਉਨ੍ਹਾਂ ਨੇ ਭੱਠਾ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਹੁਣ ਤੋਂ ਹੀ ਆਪਣੇ ਅਗਲੇ ਇਕ ਸਾਲ ਲਈ ਇਸ ਸਬੰਧੀ ਆਪਣੀ ਵਿਊਂਤਬੰਦੀ ਕਰ ਲੈਣ ਅਤੇ ਪਰਾਲੀ ਦੇ ਪੈਲਟਸ ਦੀ ਵਿਵਸਥਾ ਕਰ ਲੈਣ। ਬਾਅਦ ਵਿਚ ਜ਼ੇਕਰ ਕੋਈ ਨਿਯਮਾਂ ਦਾ ਉਲੰਘਣ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਕਿ ਭੱਠਿਆਂ ਦੀ ਨਿਯਮਿਤ ਚੈਕਿੰਗ ਕੀਤੀ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਸਰਕਾਰੀ ਹਦਾਇਤਾਂ ਦੀ ਇੰਨਬਿੰਨ ਪਾਲਣਾ ਹੋਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਦ ਅਸੀਂ ਸਾਰੇ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਯਤਨ ਕਰਾਂਗੇ ਤਾਂ ਨਿਸਚੈ ਹੀ ਸਫਲਤਾ ਮਿਲੇਗੀ।