- ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਬਣਵਾਉਣਾ ਅਤੇ ਮੱਤਦਾਨ ਕਰਨਾ ਬੇਹੱਦ ਜ਼ਰੂਰੀ : ਡਿਪਟੀ ਕਮਿਸ਼ਨਰ
ਫਰੀਦਕੋਟ, 25 ਜਨਵਰੀ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਵੋਟਰਾਂ ਨੂੰ ਵੋਟ ਦੇ ਹੱਕ ਦੀ ਮਹੱਤਤਾ ਲਈ ਜਾਗਰੂਕ ਕਰਨ ਲਈ 14ਵੇਂ ਰਾਸ਼ਟਰੀ ਵੋਟਰ ਦਿਵਸ ਦੇ ਸਬੰਧ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਵੋਟਰ ਸੂਚੀ ਸਪੈਸ਼ਲ ਸਰਸਰੀ ਸੁਧਾਈ ਯੋਗਤਾ ਮਿਤੀ 01-01-2024 ਦੇ ਆਧਾਰ ਸਬੰਧੀ ਸਭ ਤੋਂ ਵਧੀਆ ਕੰਮ ਕਰਨ ਵਾਲੇ ਅਧਿਕਾਰੀ ਸ੍ਰੀਮਤੀ ਪਰਲੀਨ ਕੌਰ, ਪੀ.ਸੀ.ਐਸ, ਬੈਸਟ ਚੋਣਕਾਰ ਰਜਿਸਟਰੇਸ਼ਨ ਅਫਸਰ, ਸ੍ਰੀ ਰੁਪਿੰਦਰਪਾਲ ਸਿੰਘ ਧਰਮਸੋਤ, ਪ੍ਰੋਫੈਸਰ ਯੂਨੀਵਰਸਿਟੀ ਕਾਲਜ, ਜੈਤੋ ਨੂੰ ਬੈਸਟ ਨੋਡਲ ਅਫਸਰ ਅਤੇ ਸ੍ਰੀ ਜਸਵੀਰ ਕੌਰ ਆਂਗਨਵਾੜੀ ਵਰਕਰ ਨੂੰ ਬੈਸਟ ਬੀ.ਐਲ.ਓ ਨੂੰ ਨਕਦ ਇਨਾਮ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਨੈਸ਼ਨਲ ਵੋਟਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਜੋ ਨੋਜਵਾਨ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਉਨ੍ਹਾਂ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੇ ਵੋਟ ਜ਼ਰੂਰ ਪਾਉਣ। ਉਨ੍ਹਾਂ ਦੱਸਿਆ ਕਿ ਵੋਟਰ ਬਣਨਾ, ਵੋਟ ਪਾਉਣਾ ਸਾਡਾ ਫਰਜ਼ ਵੀ ਹੈ ਅਤੇ ਅਧਿਕਾਰ ਵੀ। ਉਹਨਾਂ ਕਿਹਾ ਕਿ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਮੌਲਿਕ ਕਰਤੱਵਾਂ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਇਸ ਸਾਲ ਵੋਟਰ ਬਣਨ ਦਾ ਖਾਸ ਮਹੱਤਵ ਇਸ ਕਰਕੇ ਵੀ ਹੈ, ਕਿਉਂਕਿ ਇਸੇ ਸਾਲ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ।ਇਸ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਹਾਜ਼ਰੀਨ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਪ੍ਰਣ ਵੀ ਕਰਵਾਇਆ ਗਿਆ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਵੋਟ ਪਾਉਣੀ ਚਾਹੀਦੀ ਹੈ ਤੇ ਯੋਗ ਨਾਗਰਿਕ ਨੂੰ ਵੋਟ ਪਾ ਕੇ ਆਪਣੀ ਪਸੰਦ ਦਾ ਯੋਗ ਉਮੀਦਵਾਰ ਚੁਣਨ ਦਾ ਅਧਿਕਾਰ ਸਾਡੇ ਸੰਵਿਧਾਨ ਵੱਲੋਂ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਵੇਂ ਰਜਿਸਟਰਡ ਹੋਏ 18-19 ਵੋਟਰਾਂ ਨੂੰ ਫੋਟੋ ਸਨਾਖਤੀ ਕਾਰਡ ਵੀ ਤਕਸੀਮ ਕੀਤੇ। ਮੰਚ ਸੰਚਾਲਨ ਦੀ ਭੂਮਿਕਾ ਜਸਬੀਰ ਜੱਸੀ ਵਲੋਂ ਨਿਭਾਈ ਗਈ।ਇਸ ਮੌਕੇ ਐਸ.ਡੀ.ਐਮ ਫ਼ਰੀਦਕੋਟ ਮੇਜਰ ਵਰੁਨ ਕੁਮਾਰ, ਸ੍ਰੀ ਜਗਦੀਪ ਸਿੰਘ, ਪ੍ਰਿੰਸੀਪਲ ਬੀ.ਐਡ ਕਾਲਜ, ਪ੍ਰੋ. ਨਰਿੰਦਰਜੀਤ ਸਿੰਘ, ਪ੍ਰੋ.ਰਾਜੇਸ਼ ਮੋਹਨ, ਪ੍ਰੋ.ਰਣਜੀਤ ਬਾਜਵਾ, ਸ੍ਰੀ ਕੁਲਦੀਪ ਕੰਡਿਆਰਾ ਅਤੇ ਜ਼ਿਲ੍ਹਾ ਚੋਣ ਦਫਤਰ ਦਾ ਸਮੂਹ ਸਟਾਫ ਹਾਜ਼ਰ ਸੀ।