- ਸਕੂਲਾਂ, ਕਾਲਜਾਂ ਅਤੇ ਹੋਰ ਨਿੱਜੀ ਸਮਾਗਮਾਂ ਵਿੱਚ ਜਾ ਕੇ ਨੌਜਵਾਨ ਵੋਟਰਾਂ ਨੂੰ ਵੋਟ ਬਣਾਉਣ ਲਈ ਜਾਗਰੂਕ ਕੀਤਾ ਜਾਵੇ
ਫ਼ਤਹਿਗੜ੍ਹ ਸਾਹਿਬ, 20 ਨਵੰਬਰ : 18 ਤੋਂ 19 ਸਾਲ ਦੇ ਨੌਜਵਾਨਾਂ ਦੀਆਂ 100 ਫੀਸਦੀ ਵੋਟਾਂ ਬਨਾਉਣ ਲਈ ਕੈਂਪ ਲਗਾ ਕੇ ਜਾਗਰੂਕ ਕੀਤਾ ਜਾਵੇ ਤਾਂ ਜੋ ਕੋਈ ਵੀ ਨੌਜਵਾਨ ਵੋਟ ਬਨਾਉਣ ਤੋਂ ਵਾਂਝਾ ਨਾ ਰਹਿ ਜਾਵੇ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਈਸ਼ਾ ਸਿੰਗਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੀਪ ਗਤੀਵਿਧੀਆਂ ਕਰਵਾਉਣ ਸਬੰਧੀ ਸਵੀਪ ਨੋਡਲ ਅਫ਼ਸਰਾਂ ਅਤੇ ਹੋਰ ਅਧਿਕਾਰੀਆਂ ਨਾਲ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਵਿਸ਼ੇਸ਼ ਸਰਸਰੀ ਸੁਧਾਈ-2024 ਦੌਰਾਨ 18-19 ਸਾਲ ਦੇ ਨੌਜਵਾਨਾਂ ਅਕਤੀਆਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾਣ। ਇਸ ਸਬੰਧੀ ਸਕੂਲਾਂ, ਕਾਲਜ਼ਾਂ ਅਤੇ ਹੋਰ ਨਿੱਜੀ ਸਮਾਗਮਾਂ ਵਿੱਚ ਸਮੂਲੀਅਤ ਕਰਕੇ ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ ਲਈ ਜਾਗਰੂਕ ਕੀਤਾ ਜਾਵੇ। ਸ੍ਰੀਮਤੀ ਇਸ਼ਾ ਸਿੰਗਲ ਨੇ ਕਿਹਾ ਕਿ ਵਿਸ਼ੇਸ ਸਰਸਰੀ ਸੁਧਾਈ ਸਬੰਧੀ ਫਾਰਮ ਪ੍ਰਾਪਤ ਕਰਨ ਦੀ ਅੰਤਿਮ ਮਿਤੀ 09 ਦਸੰਬਰ 2023 ਹੈ, ਇਸ ਸਬੰਧੀ 02 ਅਤੇ 03 ਦਸੰਬਰ ਨੂੰ ਸਾਰੇ ਪੋਲਿੰਗ ਸਟੇਸ਼ਨਾਂ ਤੇ ਬੀ.ਐਲ.ਓਜ਼ ਵੱਲੋਂ ਕੈਂਪ ਲਗਾਏ ਜਾਣਗੇ। ਇਸ ਲਈ ਵੱਧ ਤੋਂ ਵੱਧ ਨੌਜਵਾਨਾਂ ਨੂੰ ਜਾਗਰੂਕ ਕਰਕੇ ਬਾਕੀ ਰਹਿੰਦੇ ਵੋਟਰਾਂ ਦੀ 100 ਫ਼ੀਸਦੀ ਇਨਰੋਲਮੈਂਟ ਮੁਕੰਮਲ ਕਰਵਾਈ ਜਾਵੇ। ਓਹਨਾਂ ਜਿਲਾ ਸਿੱਖਿਆ ਅਫਸਰ (ਸੈ), ਫਤਿਹਗੜ੍ਹ ਸਾਹਿਬ ਨੂੰ ਹਦਾਇਤ ਕੀਤੀ ਕਿ ਆਪ ਦੇ ਅਧੀਨ ਆਉਂਦੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਸਬੰਧੀ ਇਲੈਕਟੋਰਲ ਲਿਟਰੇਸੀ ਕਲੱਬ ਦੇ ਨੋਡਲ ਅਫਸਰਾਂ ਵੱਲੋਂ ਵਿਸ਼ੇਸ਼ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣ। ਇਸ ਦੇ ਨਾਲ ਹੀ 18-19 ਸਾਲ ਦੇ ਵਿਦਿਆਰਥੀਆਂ ਦੀ 100 ਫੀਸਦੀ ਵੋਟਾਂ ਬਣਾਉਣ ਸਬੰਧੀ ਸਰਟੀਫਿਕੇਟ ਚੋਣ ਦਫਤਰ, ਫਤਿਹਗੜ੍ਹ ਸਾਹਿਬ ਵਿਖੇ ਭੇਜਿਆ ਜਾਵੇ। ਇਸ ਮੌਕੇ ਸਮੂਹ ਚੋਣ ਹਲਕਿਆਂ ਦੇ ਸਵੀਪ ਨੋਡਲ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਆਪ ਦੇ ਏਰੀਏ ਵਿੱਚ ਬਾਕੀ ਰਹਿੰਦੇ ਨੌਜਵਾਨ ਵਿਅਕਤੀਆਂ ਦੀ ਵੋਟਾਂ ਬਣਾਉਣ ਸਬੰਧੀ ਸਵੀਪ ਗਤੀਵਿਧੀਆਂ ਕਰਵਾਈਆਂ ਜਾਣ ਤੇ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਕੈਂਪਸ ਅੰਬੈਸਡਰਾਂ ਨਾਲ ਤਾਲਮੇਲ ਕਰਦੇ ਹੋਏ ਕਾਲਜਾਂ ਵਿਚ ਵੀ ਸਵੀਪ ਗਤੀਵਿਧੀਆਂ ਕਰਵਾਈਆਂ ਜਾਣ। ਓਹਨਾਂ ਸਮੂਹ ਸੀ.ਡੀ.ਪੀ.ਓਜ਼ ਨੂੰ ਹਦਾਇਤ ਜਾਰੀ ਕੀਤੀ ਕਿ ਬਾਕੀ ਰਹਿੰਦੇ ਦਵਿਆਂਗ ਵਿਅਕਤੀਆਂ ਦੀ ਵੋਟ ਬਣਾਉਣ ਦੇ ਲਈ ਬੀ.ਐੱਲ.ਓਜ਼ ਨਾਲ ਤਾਲਮੇਲ ਕਰਦੇ ਹੋਏ ਵੋਟਾਂ ਬਣਵਾਈਆਂ ਜਾਣ ਤਾਂ ਜੋ ਕੋਈ ਵੀ ਦਵਿਆਂਗ ਵੋਟਰ, ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ। ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਸ੍ਰੀਮਤੀ ਜੋਬਨਦੀਪ ਕੌਰ, ਤਹਿਸੀਲਦਾਰ ਚੋਣਾਂ ਸ੍ਰੀਮਤੀ ਨਿਰਮਲਾ ਰਾਣੀ ਸਮੇਤ ਹੋਰ ਅਧਿਕਾਰੀ ਹਾਜਰ ਸਨ।