ਅੰਮ੍ਰਿਤਸਰ 29 ਜਨਵਰੀ : ਅੰਮ੍ਰਿਤਸਰ ਦੇ ਵਿੱਚ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਨੌ ਵਿਧਾਨ ਸਭਾ ਹਲਕਿਆਂ ਦੇ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਇੰਚਾਰਜ ਦਵਿੰਦਰ ਯਾਦਵ ਨੇ ਮੀਟਿੰਗ ਕੀਤੀ। ਇਸ ਮੀਟਿੰਗ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਖਾਸ ਤੌਰ ਤੇ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਦੇ 9 ਹਲਕਿਆਂ ਦੇ ਵਰਕਰਾਂ ਨਾਲ ਦਵਿੰਦਰ ਯਾਦਵ ਵੱਲੋਂ ਮੀਟਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਜਿੱਤ ਨੂੰ ਪੱਕਿਆਂ ਕਰਨ ਦੇ ਲਈ 11 ਫਰਵਰੀ ਨੂੰ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਸਮਰਾਲੇ ਵਿੱਚ ਪਹੁੰਚ ਰਹੇ ਹਨ। ਜਿੱਥੇ ਉਹਨਾਂ ਵੱਲੋਂ ਕਾਂਗਰਸ ਦੇ ਵੱਖ-ਵੱਖ ਵਿੰਗ ਤੇ ਬਲਾਕਾਂ ਦੇ ਪ੍ਰਧਾਨਾਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੋ ਇਸ ਮੀਟਿੰਗ ਵਿੱਚ ਹੰਗਾਮੇ ਦੀ ਗੱਲ ਕੀਤੀ ਜਾ ਰਹੀ ਹੈ ਕਿਸੇ ਵੀ ਤਰੀਕੇ ਦਾ ਹੰਗਾਮਾ ਇਸ ਮੀਟਿੰਗ ਵਿੱਚ ਨਹੀਂ ਹੋਇਆ, ਸਿਰਫ ਵਰਕਰਾਂ ਨੇ ਆਪਣੀ ਗੱਲ ਰੱਖੀ ਹੈ ਅਤੇ ਉਸਨੂੰ ਹੰਗਾਮੇ ਦਾ ਰੂਪ ਦਿੱਤਾ ਜਾ ਰਿਹਾ ਅਜਿਹੀ ਕੋਈ ਵੀ ਗੱਲਬਾਤ ਨਹੀਂ ਹੋਈ। ਕਾਂਗਰਸ ਦੀ ਮੀਟਿੰਗ ਵਿਚ ਨਵਜੋਤ ਸਿੱਧੂ ਦੇ ਨਾ ਪੁੱਜਣ ਤੇ ਰਾਜਾ ਵੜਿੰਗ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਭੇਜਿਆ ਗਿਆ ਸੀ ਲੇਕਿਨ ਨਵਜੋਤ ਸਿੰਘ ਸਿੱਧੂ ਇੱਥੇ ਹਾਜ਼ਰ ਕਿਉਂ ਨਹੀਂ ਹੋਏ, ਇਸ ਦਾ ਸਪਸ਼ਟ ਜਵਾਬ ਨਵਜੋਤ ਸਿੰਘ ਸਿੱਧੂ ਖੁਦ ਹੀ ਦੇ ਸਕਦੇ ਹਨ। ਉਹਨਾਂ ਕਿਹਾ ਕਿ ਜੋ ਕਿਸਾਨਾਂ ਵੱਲੋਂ 13 ਫਰਵਰੀ ਤੋਂ ਦੁਬਾਰਾ ਤੋਂ ਮੋਰਚਾ ਲਗਾਇਆ ਜਾ ਰਿਹਾ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਇਸ ਲਈ ਕਿਸਾਨ ਦੁਬਾਰਾ ਧਰਨੇ ਤੇ ਉਤਰ ਰਹੇ ਹਨ ਅਤੇ ਕਾਂਗਰਸ ਪਹਿਲਾਂ ਵੀ ਕਿਸਾਨਾਂ ਦੇ ਨਾਲ ਸੀ ਅਤੇ ਹੁਣ ਵੀ ਕਿਸਾਨਾਂ ਦੇ ਨਾਲ ਹ ਅਤੇ ਕਾਂਗਰਸ ਹਰ ਪੱਖੋਂ ਕਿਸਾਨਾਂ ਦੀ ਮਦਦ ਜਰੂਰ ਕਰੇਗੀ।