ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਵਿੱਚ ਬਣਾਈਆਂ ‘ਵਾਲ ਪੇਟਿੰਗ’ ਬਣੀਆਂ ਖਿੱਚ ਦਾ ਕੇਂਦਰ

  • ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਨੂੰ ਹਰਿਆ-ਭਰਿਆ ਅਤੇ ਸੁੰਦਰ ਰੱਖਣ ਦਾ ਸੁਨੇਹਾ ਦੇਣ ਵਿੱਚ ਸਫਲ ਰਹੀਆਂ ‘ਵਾਲ ਪੇਟਿੰਗ’

ਬਟਾਲਾ, 3 ਜੁਲਾਈ : ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਦੇ ਸੁੰਦਰੀਕਰਨ ਲਈ ਨਗਰ ਨਿਗਮ ਬਟਾਲਾ ਲਗਾਤਾਰ ਯਤਨਸ਼ੀਲ ਹੈ, ਜਿਸ ਤਹਿਤ ਨਗਰ ਨਿਗਮ ਬਟਾਲਾ ਵਲੋ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਸੁੰਦਰ ਪੇਟਿੰਗ ਕਰਵਾਈਆਂ ਗਈਆਂ ਹਨ, ਜੋ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸ਼ਾਇਰੀ ਭੰਡਾਰੀ, ਕਮਿਸ਼ਨਰ ਨਗਰ ਨਿਗਮ-ਕਮ-ਐਸ.ਡੀ.ਐਮ ਬਟਾਲਾ ਨੇ ਦੱਸਿਆ ਕਿ ਹਲਕਾ ਵਿਧਾਇਕ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਨੂੰ ਹੋਰ ਖੂਬਸੂਰਤ ਬਣਾਉਣ ਲਈ ਲਗਾਤਾਰ ਖਾਸ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਅੱਗੇ ਦੱਸਿਆ ਕਿ ਸ਼ਹਿਰ ਨੂੰ ਸੁੰਦਰੀਕਰਨ ਦੇ ਮੰਤਵ ਨਾਲ ਚਿੱਟੀ ਗਰਾਊਂਡ,  ਜਲੰਧਰ ਰੋਡ ਦੀ ਕੰਧ ਤੇ ਖੂਬਸੂਰਤ ਪੇਟਿੰਗ ਕਰਵਾਈ ਗਈ ਹੈ, ਜੋ ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਦਾ ਸੁਨੇਹਾ ਦੇ ਰਹੀਆਂ ਹਨ। ਖੂਬਸੂਰਤ ਪੰਛੀਆਂ ਦੀਆਂ ਪੇਟਿੰਗ ਰਾਹਗੀਰਾਂ ਲਈ ਵਿਸ਼ੇਸ ਖਿੱਚ ਦਾ ਕੇਂਦਰ ਬਣੀਆਂ ਹਨ। ਦੱਸਣਯੋਗ ਹੈ ਕਿ ਨਗਰ ਨਿਗਮ, ਬਟਾਲਾ ਵਲੋਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਤੇ ਸੁੰਦਰੀਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ। ਕਾਰਪੋਰੇਸ਼ਨ ਵਲੋਂ ਪਹਿਲਾਂ ਵੀ ਨਗਰ ਨਿਗਮ ਦੇ ਦਫਤਰ ਦੇ ਐਂਟਰੀ ਪੁਆਇੰਟ ਤੇ ਖੂਬਸੂਰਤ ਪੇਟਿੰਗ ਕਰਵਾਈ ਗਈ ਹੈ, ਜਿਸ ਵਿੱਚ ਬਟਾਲਾ ਨੂੰ ਸਾਫ ਸੁਥਰਾ ਤੇ ਸਵੱਸਥ ਰੱਖਣ ਦਾ ਸੁਨੇਹਾ ਦਿੱਤਾ ਗਿਆ ਹੈ। ਬੇਰਿੰਗ ਕਾਲਜ ਦੇ ਨੇੜੇ ਵਾਲ ਪੇਟਿੰਗ ਕਰਵਾਈ ਗਈ ਹੈ, ਜਿਸ ਵਿੱਚ ਸ਼ਹਿਰ ਵਾਸੀਆਂ ਨੂੰ ਕੂੜੇ ਨੂੰ ਡੱਸਟਬੀਨਾਂ ਵਿੱਚ ਹੀ ਪਾਉਣ, ਪੋਦੇ ਲਗਾਉਣ ਸਮੇਤ ਬਟਾਲਾ ਸ਼ਹਿਰ ਨੂੰ ਹੋਰ ਸੁੰਦਰ ਬਣਾਉਣ ਦਾ ਸੁਨੇਹਾ ਦਿੱਤਾ ਗਿਆ ਹੈ। ਇਸੇ ਤਰਾਂ ਬਟਾਲਾ-ਡੇਰਾ ਬਾਬਾ ਨਾਨਕ ਫਲਾਈ ਓਵਰ (ਨੈਸ਼ਨਲ ਹਾਈਵੇ) ਹੇਠਾਂ ‘ਆਈ ਲਵ ਬਟਾਲਾ’ ਦੀ ਖੂਬਸਰਤ ਪੇਟਿੰਗ ਕਰਵਾਈ ਗਈ ਹੈ ਅਤੇ ਡੇਰਾ ਬਾਬਾ ਨਾਨਕ ਰੋਡ ਰੇਲਵੇ ਫਾਟਕ ਨੇੜੇ ਅੰਡਰ ਪਾਸ ਪੁਲ ਹੇਠਾਂ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਦਰਸਾਉਂਦੀ ਖੂਬਸੂਰਤ ਪੇਟਿੰਗ ਕਰਵਾਈ ਗਈ ਹੈ, ਜੋ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣੀ ਹੋਈ ਹੈ। ਉਨਾਂ ਅੱਗੇ ਕਿਹਾ ਕਿ ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਅਤੇ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਵਿਸ਼ੇਸ ਮੁਹਿੰਮ ਵਿੱਢੀ ਗਈ ਹੈ ਅਤੇ ਸ਼ਹਿਰ ਨੂੰ ਹੋਰ ਖੂਬਸੂਰਤ ਬਣਾਉਣ ਲਈ ਸ਼ਹਿਰ ਦੇ ਹੋਰ ਸਥਾਨਾਂ ਤੇ ਵੀ ਖੂਸਬੂਰਤ ਵਾਲ ਪੇਟਿੰਗ ਕਰਵਾਈਆਂ ਜਾਣਗੀਆਂ।  ਕਮਿਸ਼ਨਰ ਕਾਰਪੋਰੇਸ਼ਨ ਬਟਾਲਾ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਟਾਲਾ ਸ਼ਹਿਰ ਨੂੰ ਖੂਬਸੂਰਤ ਤੇ ਸਾਫ ਸੁਥਰਾ ਰੱਖਣ ਲਈ ਪੂਰਨ ਸਹਿਯੋਗ ਕਰਨ।