ਹਲਕਾ ਖਡੂਰ ਸਾਹਿਬ ਵਿੱਚ "ਇਸ ਵਾਰ, 70 ਪਾਰ" ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਵੀਪ ਮੁਹਿੰਮ ਤਹਿਤ  ਵੋਟਰਾਂ ਨੂੰ ਕੀਤਾ ਜਾ ਰਿਹਾ ਜਾਗਰੂਕ -ਜ਼ਿਲਾ ਚੋਣ ਅਫਸਰ

  • ਬਜ਼ੁਰਗ ਅਤੇ ਦਿਵਆਂਗਜਨ ਵੋਟਰਾਂ ਦਾ ਰੱਖਿਆ ਜਾਵੇਗਾ ਵਿਸ਼ੇਸ਼ ਧਿਆਨ
  • ਲੋਕਤੰਤਰ ਦੀ ਮਜ਼ਬੂਤੀ ਲਈ ਹਰ ਇੱਕ ਵੋਟ ਹੈ ਕੀਮਤੀ

ਤਰਨਤਾਰਨ, 29 ਮਾਰਚ : ਅਗਾਮੀ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲਾ ਚੋਣ ਦਫਤਰ ਵੱਲੋਂ ਦਿਵਿਆਂਗਜਨ ਅਤੇ ਬਜ਼ੁਰਗ ਵੋਟਰਾਂ ਦੇ ਸਹੂਲਤ ਲਈ ਪੋਲਿੰਗ ਸਟੇਸ਼ਨਾਂ ਉੱਤੇ ਵਿਸ਼ੇਸ਼ ਇੰਤਜ਼ਾਮ ਕੀਤੇ ਜਾ ਰਹੇ ਹਨ। ਇਸ ਸਬੰਧੀ ਸ਼ੁੱਕਰਵਾਰ ਨੂੰ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ, ਤਰਨਤਾਰਨ, ਸ਼੍ਰੀ ਸੰਦੀਪ ਕੁਮਾਰ ਵੱਲੋਂ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਜ਼ਿਲਾ ਪ੍ਰਬੰਧਕੀ ਕੰਪਲੈਕਸ  ਤਰਨ ਤਾਰਨ ਵਿਖੇ ਕੀਤੀ ਗਈ। ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਮਿੱਥੇ ਗਏ "ਇਸ ਵਾਰ, 70 ਪਾਰ" ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਜ਼ਿਲਾ ਚੋਣ ਦਫਤਰ ਪੂਰੀ ਤਰਾਂ ਸਰਗਰਮ ਹੈ ਅਤੇ ਜ਼ਿਲੇ ਦੇ ਵੋਟਰਾਂ ਵਿੱਚ ਸਵੀਪ ਮੁਹਿੰਮ ਤਹਿਤ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨਾਂ ਕਿਹਾ ਕਿ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ 09 ਵਿਧਾਨ ਸਭਾ ਹਲਕਿਆਂ ਵਿੱਚ ਅਧਿਕਾਰੀਆਂ ਵੱਲੋਂ ਵੋਟਰਾਂ ਨੂੰ ਮਤਦਾਨ ਦੇ ਅਧਿਕਾਰ ਦੀ ਵਰਤੋਂ ਬਾਰੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਚੋਣਾਂ ਵਾਲੇ ਦਿਨ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵੋਟਰ ਆਪਣਾ ਯੋਗਦਾਨ ਪਾ ਸਕੇ। ਜ਼ਿਲਾ ਚੋਣ ਅਫਸਰ ਵੱਲੋਂ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੰਦਿਆ ਕਿਹਾ ਕਿ ਬਜ਼ੁਰਗ ਵੋਟਰਾਂ ਪ੍ਰਤੀ ਜ਼ਿਲਾ ਪ੍ਰਸ਼ਾਸਨ ਦਾ ਵਿਸ਼ੇਸ਼ ਧਿਆਨ ਰਹੇਗਾ। ਉਨਾਂ ਕਿਹਾ ਕਿ ਹਲਕਾ ਖਡੂਰ ਸਾਹਿਬ ਵਿੱਚ 100 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗ ਵੋਟਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਅਤੇ ਜਿੰਨਾਂ ਵੀ ਪਰਿਵਾਰਾਂ ਵੱਲੋਂ ਬਜ਼ੁਰਗ ਵਿਅਕਤੀ ਦੇ ਸਬੰਧ ਵਿੱਚ 12 (ਡੀ) ਫਾਰਮ ਭਰਿਆ ਜਾਵੇਗਾ ਤਾਂ ਪ੍ਰਸ਼ਾਸਨ ਵੱਲੋਂ ਉਸ ਵਿਅਕਤੀ ਦਾ ਘਰ ਤੋਂ ਮਤਦਾਨ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਜਿਹੜੇ 85 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗ ਵੋਟਰ ਹੋਣਗੇ ਤਾਂ ਉਨਾਂ ਨੂੰ ਚੋਣ ਦਫਤਰ ਵੱਲੋਂ ਘਰ ਤੋਂ ਲੈ ਕੇ ਆਉਣ ਲਈ ਵਾਹਨ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਹਰ ਇੱਕ ਪੋਲਿੰਗ ਸਟੇਸ਼ਨ ‘ਤੇ ਚੋਣ ਦਫਤਰ ਵੱਲੋਂ ਵੀਲ ਚੇਅਰ ਦੀ ਸਹੂਲਤ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਦਿਵਆਂਗ ਵੋਟਰਾਂ ਨੂੰ ਆਪਣੇ ਮਤਦਾਨ ਦੌਰਾਨ ਕਿਸੇ ਤਰਾਂ ਦੀ ਮੁਸ਼ਕਿਲ ਨਾ ਪੇਸ਼ ਆਵੇ।ਉਨਾਂ ਕਿਹਾ ਕਿ ਜਿਹੜੇ ਦਿਵਿਆਂਗਜਨਾਂ ਕੋਲ 40 ਤੋਂ ਵੱਧ ਫੀਸਦੀ ਦਿਵਿਆਂਗਤਾ ਸਰਟੀਫਿਕੇਟ ਹੈ ਤਾਂ ਉਸ ਵਿਅਕਤੀ ਨੂੰ ਘਰ ਤੋਂ ਵੋਟ ਪਾਉਣ ਦੀ ਸਹੂਲਤ ਦਿੱਤੀ ਜਾਵੇਗੀ। ਉਨਾਂ ਕਿਹਾ  ਲੋਕਤੰਤਰ ਦੀ ਮਜ਼ਬੂਤੀ ਅਤੇ ਨਿਰਪੱਖ ਚੋਣਾਂ ਦੇ ਲਈ ਜ਼ਿਲਾ ਚੋਣ ਦਫਤਰ ਪੂਰੀ ਤਰਾਂ ਤੱਤਪਰ ਹੈ ਅਤੇ ਹਲਕੇ ਦੇ ਹਰ ਇੱਕ ਵੋਟਰ ਨੂੰ ਅਪੀਲ ਕਰਦਾ ਹੈ ਕਿ ਉਹ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ।