ਵਿਲੱਖਣ ਤੇ ਯਾਦਗਾਰੀ ਹੋ ਨਿੱਬੜਿਆ ਜ਼ਿਲ੍ਹਾ ਭਾਸ਼ਾ ਦਫ਼ਤਰ, ਪਠਾਨਕੋਟ ਵੱਲੋਂ ਆਯੋਜਿਤ ' ਸਾਹਿਤਕ ਮਿਲਣੀ, ਵਿਚਾਰ ਚਰਚਾ ਅਤੇ ਰੂ-ਬ-ਰੂ ' ਸਮਾਗਮ

ਪਠਾਨਕੋਟ 21 ਸਤੰਬਰ : ਭਾਸ਼ਾ ਵਿਭਾਗ, ਪੰਜਾਬ ਦੀ ਰਹਿਨੁਮਾਈ ਤੇ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਪਠਾਨਕੋਟ ਵੱਲੋਂ ਆਰ.ਆਰ.ਐੱਮ. ਕੇ .ਆਰੀਆ ਮਹਿਲਾ ਕਾਲਜ, ਪਠਾਨਕੋਟ ਵਿਖੇ ' ਸਾਹਿਤਕ ਮਿਲਣੀ, ਵਿਚਾਰ -ਚਰਚਾ ਅਤੇ ਰੂ-ਬ-ਰੂ' ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਮੁੱਖ ਮਹਿਮਾਨ ਸਰੀ,ਕਨੇਡਾ ਦੇ ਉਦਯੋਗਪਤੀ, ਪੰਜਾਬ ਭਵਨ ਦੇ ਸੰਸਥਾਪਕ, ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸਾਹਿਤ ਦੇ ਪ੍ਰਸਾਰ ਤੇ ਪ੍ਰਚਾਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸ੍ਰੀ ਸੁੱਖੀ ਬਾਠ ਜੀ ਸਨ। ਉਨ੍ਹਾਂ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ "ਕਨੇਡਾ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ, ਸਮੱਸਿਆਵਾਂ ਅਤੇ ਪੰਜਾਬੀ ਭਾਸ਼ਾ ਲਈ ਹੋ ਰਹੇ ਉਪਰਾਲੇ ' ਵਿਸ਼ੇ 'ਤੇ ਚਰਚਾ ਕੀਤੀ। ਉਨ੍ਹਾਂ ਦੁਆਰਾ ਕਨੇਡਾ ਵਿੱਚ ਜਾਣ ਵਾਲੇ ਵਿਦਿਆਰਥੀਆਂ ਤੇ ਲੋਕਾਂ ਨੂੰ ਉੱਥੇ ਜਾ ਕੇ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਖੁੱਲ੍ਹ ਕੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਵਿਦੇਸ਼ ਦੀ ਧਰਤੀ ਤੇ ਜਾਣਾ ਚਾਹੁੰਦੇ ਹੋ ਤਾਂ ਮਾਨਸਿਕ ਤੌਰ 'ਤੇ ਤਿਆਰ ਹੋ ਕੇ ਜਾਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਭਵਨ ਕਨੇਡਾ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਅਤੇ ਸੰਸਾਰ ਪੱਧਰੀ ਪੰਜਾਬੀ ਕਾਨਫ਼ਰੰਸਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਸਾਹਿਤਕਾਰਾਂ ਨੂੰ ਅਗਲੀ ਕਾਨਫਰੰਸ ਵਿੱਚ ਆਉਣ ਦਾ ਸੱਦਾ ਵੀ ਦਿੱਤਾ। ਇਸ ਉਪਰੰਤ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਜੀ ਨੇ ਰੂ -ਬ-ਰੂ ਰਾਹੀਂ ਹਾਜ਼ਿਰ ਸਾਹਿਤ ਪ੍ਰੇਮੀਆਂ, ਵਿਦਿਆਰਥੀਆਂ ਅਤੇ ਸਰੋਤਿਆਂ ਨਾਲ ਸਾਂਝ ਪਾਈ। ਉਨ੍ਹਾਂ ਨਾਲ ਉਨ੍ਹਾਂ ਦੇ ਜੀਵਨ, ਉਨ੍ਹਾਂ ਦੁਆਰਾ ਰਚੇ ਸਾਹਿਤ ਅਤੇ ਸਾਹਿਤ ਸਿਰਜਣਾ 'ਤੇ ਖੁੱਲ੍ਹ ਕੇ ਗੱਲਾਂ ਹੋਈਆਂ। ਜ਼ਿਲ੍ਹਾ ਭਾਸ਼ਾ ਅਫ਼ਸਰ, ਪਠਾਨਕੋਟ ਡਾ. ਸੁਰੇਸ਼ ਮਹਿਤਾ ਨੇ ਕਿਹਾ ਕਿ ਦੋਵੇਂ ਹੀ ਪ੍ਰਸਿੱਧ ਸ਼ਖ਼ਸੀਅਤਾਂ ਦੀ ਆਮਦ ਨਾਲ ਸਮਾਗਮ ਨੂੰ ਚਾਰ ਚੰਨ ਲੱਗ ਗਏ ਹਨ ਅਤੇ ਉਨ੍ਹਾਂ ਦੀ ਵਿਚਾਰ -ਚਰਚਾ ਨੇ ਵਿਦਿਆਰਥੀਆਂ ਤੇ ਸਾਹਿਤ ਪ੍ਰੇਮੀਆਂ ਨੂੰ ਬਹੁਤ ਕੁਝ ਨਵੀਂ ਤੇ ਵਿਲੱਖਣ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਸਾਹਿਬ ਜਿਨ੍ਹਾਂ ਦੀਆਂ ਕਹਾਣੀਆਂ ਨੂੰ ਵਿਦਿਆਰਥੀ ਸਿਲੇਬਸ ਵਿੱਚ ਪੜ੍ਹਦੇ ਹਨ, ਅੱਜ ਉਨ੍ਹਾਂ ਨੂੰ ਮਿਲ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਸਨ ਤੇ ਵਿਦੇਸ਼ ਦੀਆਂ ਧਰਤੀਆਂ 'ਤੇ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੀ ਬਹੁਤ ਵਧੀਆ ਜਾਣਕਾਰੀ ਮਿਲੀ ਹੈ। ਉਨ੍ਹਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਕੀਤੇ ਜਾ ਰਹੇ ਕੰਮਾਂ ਤੇ ਭਾਸ਼ਾਵਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਉਦੇਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ.ਗੁਰਮੀਤ ਕੌਰ ਜਿਨ੍ਹਾਂ ਦੀ ਪ੍ਰਧਾਨਗੀ ਵਿੱਚ ਇਹ ਸਮਾਗਮ ਹੋਇਆ, ਹੋਰਾਂ ਨੇ ਅੱਜ ਦੇ ਇਸ ਵਿਲੱਖਣ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਭਾਸ਼ਾ ਦਫ਼ਤਰ ਪਠਾਨਕੋਟ ਦੇ ਧੰਨਵਾਦੀ ਹਨ ਜਿਨ੍ਹਾਂ ਇਸ ਖੂਬਸੂਰਤ ਤੇ ਉੱਚ ਕੋਟੀ ਦੇ ਪ੍ਰੋਗਰਾਮ ਲਈ ਸਾਡੇ ਕਾਲਜ ਨੂੰ ਚੁਣਿਆ। ਉਨ੍ਹਾਂ ਆਈਆਂ ਹੋਈਆਂ ਸ਼ਖ਼ਸੀਅਤਾਂ, ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਕਾਲਜ ਦੇ ਵਿਹੜੇ ਵਿੱਚ ਪਹੁੰਚਣ 'ਤੇ ਜੀ ਆਇਆਂ ਨੂੰ ਕਿਹਾ । ਉਨ੍ਹਾਂ ਕਿਹਾ ਕਿ ਅਜਿਹੇ ਮਿਆਰੀ ਤੇ ਨਾਯਾਬ ਸਮਾਗਮਾਂ ਲਈ ਉਨ੍ਹਾਂ ਦੇ ਕਾਲਜ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲ੍ਹੇ ਹਨ। ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਪੰਜਾਬੀ ਤੇ ਡੋਗਰੀ ਵਿਭਾਗ ਤੋਂ ਪ੍ਰੋਫ਼ੈਸਰ ਨਰੇਸ਼ ਕੁਮਾਰ ਹੋਰਾਂ ਨੇ ਜਿੱਥੇ ਅੱਜ ਦੇ ਭਾਸ਼ਾ ਵਿਭਾਗ ਦੇ ਇਸ ਸਫ਼ਲ ਉਪਰਾਲੇ ਲਈ ਵਧਾਈ ਦਿੱਤੀ ਉੱਥੇ ਅਜਿਹੇ ਸਮਾਗਮਾਂ ਕਰਨਾ ਸਮੇਂ ਦੀ ਲੋੜ ਦੱਸਿਆ ਤਾਂ ਕਿ ਵਿਦਿਆਰਥੀਆਂ ਦੀਆਂ ਅਜਿਹੀਆਂ ਸ਼ਖ਼ਸੀਅਤਾਂ ਨਾਲ ਮਿਲਣੀਆਂ ਹੁੰਦੀਆਂ ਰਹਿਣ ਤੇ ਉਹ ਲੇਖਕ ਲੋਕਾਂ ਨੂੰ ਨੇੜੇ ਤੋਂ ਜਾਣ ਸਕਣ।ਮੰਚ ਸੰਚਾਲਨ ਜੋ ਬਾ ਕਮਾਲ ਸੀ ਡਾ.ਰੁਪਿੰਦਰਜੀਤ ਗਿੱਲ ਵੱਲੋਂ ਕੀਤਾ ਗਿਆ। ਸਮਾਗਮ ਦੇ ਪ੍ਰਬੰਧ ਰਾਜੇਸ਼ ਕੁਮਾਰ ਖੋਜ ਅਫ਼ਸਰ ਅਤੇ ਜੁਗਲ ਕਿਸ਼ੋਰ ਵੱਲੋਂ ਕੀਤੇ ਗਏ ਸਨ। ਇਸ ਸਮੇਂ ਸਤਿੰਦਰ ਵਾਲੀਆ,ਸੂਹੀ ਸਵੇਰ ਮੈਗਜ਼ੀਨ ਦੇ ਸੰਪਾਦਕ ਡਾ.ਗੁਰਚਰਨ ਗਾਂਧੀ, ਅਦਾਕਾਰ ਮਿੰਟੂ, ਪੰਜਾਬ ਭਵਨ ਦੀ ਪੰਜਾਬ ਤੋਂ ਸੰਚਾਲਿਕਾ ਪ੍ਰੀਤ ਹੀਰ, ਸਤੀਸ਼ ਜੌੜਾ,ਨਾਟ ਨਿਰਦੇਸ਼ਕ ਤੇ ਅਦਾਕਾਰ ਵਿਸ਼ਾਲ ਸ਼ਰਮਾ, ਵਿਜੇ ਕੁਮਾਰ ਜ਼ਿਲ੍ਹੇਦਾਰ ਅਤੇ ਹੋਰ ਬਹੁਤ ਸਾਰੇ ਸਾਹਿਤ ਪ੍ਰੇਮੀ ਹਾਜ਼ਰ ਸਨ।