ਅੰਮ੍ਰਿਤਸਰ 27 ਦਸੰਬਰ : ਭਾਰਤ ਸਰਕਾਰ ਦੁਆਰਾ 22 ਜਨਵਰੀ 2015 ਤੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ‘ਬੇਟੀ ਬਚਾਉ ਬੇਟੀ ਪੜ੍ਹਾਉ’ ਤਹਿਤ ਲੜਕੀਆਂ ਦੀ ਸਮਾਜ ਵਿੱਚ ਭਾਗੀਦਾਰੀ ਵਧਾਉਣ ਅਤੇ ਸ਼ਸ਼ਕਤੀਕਰਨ ਲਈ ਅੰਮ੍ਰਿਤਸਰ ਜਿਲ੍ਹੇ ਵਿੱਚ ਵੱਖ-ਵੱਖ ਸਹਿਯੋਗੀ ਵਿਭਾਗਾਂ ਦੁਆਰਾ ਗਤੀਵਿਧੀਆਂ ਕਰਵਾਈਆ ਜਾ ਰਹੀਆਂ ਹਨ, ਜਿਸ ਤਹਿਤ ‘ਬੇਟੀ ਬਚਾਉ ਬੇਟੀ ਪੜ੍ਹਾਉ’ ਅਧੀਨ ਜਿਲ੍ਹਾ ਰੁਜਗਾਰ ਅਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ਲਗਭਗ 40 ਲੜਕੀਆਂ ਨੂੰ ਪ੍ਰਤੀਯੋਗੀ ਪ੍ਰਖਿਆਵਾਂ ਦੀ ਤਿਆਰੀ ਕਰਵਾਈ ਜਾਵੇਗੀ ਤਾਂ ਜੋ ਲੜਕੀਆਂ ਵੱਖ- ਵੱਖ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾਂ ਵਿੱਚ ਰੁਜਗਾਰ ਪ੍ਰਾਪਤ ਕਰ ਸਕਣ ਜਿਸ ਨਾਲ ਉਹ ਵਿੱਤੀ ਤੌਰ ਤੇ ਆਤਮ ਨਿਰਭਰ ਹੋ ਸਕਣ। ਇਸ ਸਬੰਧੀ ਅੱਜ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਰਿਜ਼ਨਲ ਟਰਾਂਸਪੋਰਟ ਅਥਾਰਟੀ ਦੇ ਸਹਿਯੋਗ ਦੁਆਰਾ 200 ਲੜਕੀਆਂ ਨੂੰ ਮੁਫਤ ਡਰਾਇੰਵਿੰਗ ਕਲਾਸਾਂ ਦੀ ਸਹੂਲਤ ਦਿੱਤੀ ਜਾਵੇਗੀ ਤਾਂ ਜੋ ਉਹ ਆਤਮ ਨਿਰਭਰ ਬਣ ਸਕਣ ਅਤੇ ਇਸ ਨੂੰ ਕਿੱਤੇ ਵਜੋਂ ਵੀ ਅਪਣਾ ਸਕਣ। ਇਸ ਤੋਂ ਇਲਾਵਾ ਸਿਵਲ ਸਰਜਨ ਦਫ਼ਤਰ ਦੇ ਸਹਿਯੋਗ ਨਾਲ ਲਗਭਗ 550 ਨਵ-ਜੰਮੀਆਂ ਬੱਚੀਆਂ ਖਾਸ ਕਰ ਕੇ ਦੂਜੀ ਨਵ-ਜੰਮੀ ਲੜਕੀ ਨੂੰ ਬੇਬੀ ਕਿੱਟਸ ਦਿੱਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ 350 ਲੜਕੀਆਂ ਨੂੰ ਆਤਮ ਰੱਖਿਆ ਦੀ ਮੁਫਤ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਲੜਕੀਆਂ ਆਪਣੀ ਰੱਖਿਆ ਕਰ ਸਕਣ, ਜਿਸ ਨਾਲ ਉਹਨਾਂ ਦਾ ਆਤਮ ਵਿਸ਼ਵਾਸ ਵੱਧ ਸਕੇ ਅਤੇ ਉਹ ਬਿਨਾਂ ਡਰ ਤੋਂ ਸਮਾਜ ਵਿੱਚ ਵਿਚਰ ਸਕਣ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹਨਾਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਕਰਨ ਦੀ ਹਦਾਇਤ ਕੀਤੀ ਗਈ ਤਾਂ ਜੋ ਬੇਟੀ ਬਚਾਉ ਬੇਟੀ ਪੜ੍ਹਾਉ ਮੁਹਿੰਮ ਦੇ ਆਦੇਸ਼ਾਂ ਦੀ ਪ੍ਰਾਪਤੀ ਕੀਤੀ ਜਾ ਸਕੇ ਅਤੇ ਲੜਕੀਆਂ ਪ੍ਰਤੀ ਸਮਾਜ ਦੇ ਦ੍ਰਿਸ਼ਟੀਕੋਣ ਵਿੱਚ ਸਕਰਾਤਮਕ ਪਰਿਵਰਤਨ ਲਿਆਂਦਾ ਜਾ ਸਕੇ ਅਤੇ ਲਿੰਗ ਨਿਰਧਾਰਿਤ ਭਰੂਣ ਹੱਤਿਆ ਨੂੰ ਰੋਕਿਆ ਜਾ ਸਕੇ। ਇਸ ਮੀਟਿੰਗ ਵਿੱਚ ਸਿਵਲ ਸਰਜਨ ਅੰਮ੍ਰਿਤਸਰ ਸ੍ਰੀ ਵਿਜੈ ਕੁਮਾਰ, ਰੀਜ਼ਨਲ ਟਰਾਂਸਪੋਰਟ ਅਥਾਰਿਟੀ ਸ: ਅਰਸ਼ਦੀਪ ਸਿੰਘ, ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਬਿਓਰੋ ਸ੍ਰੀਮਤੀ ਨੀਲਮ ਮਹੇ, ਜਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਕੁਲਦੀਪ ਕੌਰ, ਸ੍ਰੀ ਤੀਰਥਪਾਲ ਸਿੰਘ ਅਤੇ ਸਿੱਖਿਆ ਵਿਭਾਗ ਤੋ ਬਲਰਾਜ ਸਿੰਘ ਢਿੱਲੋਂ ਮੌਜੂਦ ਸਨ।