ਹਰੀਕੇ ਪੱਤਣ , 23 ਅਪ੍ਰੈਲ : ਤਰਨਤਾਰਨ ਜ਼ਿਲ੍ਹੇ ਦੇ ਥਾਣਾ ਹਰੀਕੇ ਪੱਤਣ ਤੋਂ 50 ਫੁੱਟ ਦੀ ਦੂਰੀ 'ਤੇ ਨਹਿਰੀ ਵਿਭਾਗ ਦੀ ਬਿਲਡਿੰਗ ਵਿਚੋਂ 2 ਪੁਰਾਣੇ ਹੱਥਗੋਲੇ ਅਤੇ ਬੰਦੂਕ ਦਾ ਟੁੱਟਾ ਹਿੱਸਾ ਮਿਲਿਆ ਹੈ। ਥਾਣਾ ਹਰੀਕੇ ਪੱਤਣ ਤੋਂ ਮਹਿਜ਼ 50 ਫੁੱਟ ਦੀ ਦੂਰੀ 'ਤੇ ਨਹਿਰੀ ਵਿਭਾਗ ਦੀ ਬਿਲਡਿੰਗ ਵਿਚੋਂ ਦੋ ਹੈਂਡ ਗ੍ਰਨੇਡ ਮਿਲਣ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਇਸ ਸਬੰਧੀ ਸੂਚਨਾ ਮਿਲਦੇ ਹੀ ਬੰਬ ਨਿਰੋਧਕ ਦਸਤਾ ਵੀ ਹਰੀਕੇ ਪੱਤਣ ਪੁੱਜ ਗਿਆ ਹੈ।ਜਾਣਕਾਰੀ ਅਨੁਸਾਰ ਥਾਣਾ ਹਰੀਕੇ ਪੱਤਣ ਤੋਂ ਕੁਝ ਦੂਰੀ ’ਤੇ ਸਥਿਤ ਕਮਰਿਆਂ ’ਚੋਂ ਦੋ ਹੈਂਡ ਗਰਨੇਡ ਅਤੇ ਇੱਕ ਬੰਦੂਕ ਦੀ ਟੁੱਟੀ ਹੋਈ ਬੱਟ ਦੇ ਨਾਲ ਦੋ ਖਾਲੀ ਕਾਰਤੂਸ ਮਿਲੇ ਹਨ। ਇਹ ਬੰਬ ਕਿਸ ਦੇ ਹਨ ਅਤੇ ਕਦੋਂ ਇੱਥੇ ਰੱਖੇ ਗਏ ਸਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ।ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਤਰਨਤਾਰਨ ਵਿੱਚ ਇੱਕ ਹੈਂਡ ਗ੍ਰੇਨੇਡ ਮਿਲਿਆ ਸੀ। ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਪਾਰਕਿੰਗ ਏਰੀਆ 'ਚ ਹੈਂਡ ਗ੍ਰੇਨੇਡ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਸੀ। ਸੂਚਨਾ ਤੋਂ ਬਾਅਦ ਪੁਲਸ ਅਤੇ ਬੰਬ ਨਿਰੋਧਕ ਟੀਮ ਮੌਕੇ 'ਤੇ ਪਹੁੰਚ ਗਏ ਸਨ। ਥਾਣਾ ਹਰੀਕੇ ਪੱਤਣ ਦੀ ਐਸ.ਐਚ.ਓ. ਮੈਡਮ ਸੁਨੀਤਾ ਬਾਵਾ ਨੇ ਕਿਹਾ ਕਿ ਸਾਰਾ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।