ਸ੍ਰੀ ਹਰਿਮੰਦਰ ਸਾਹਿਬ ਵਿਖੇ ਦੋ ਮੁਲਾਜ਼ਮ ਆਪਸ ਵਿੱਚ ਭਿੜੇ, ਇੱਕ ਮੁਲਾਜ਼ਮ ਦੀ ਮੌਤ

ਅੰਮ੍ਰਿਤਸਰ, 3 ਅਗਸਤ 2024 : ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਦੁਪਹਿਰ ਡੇਢ ਵਜੇ ਦੇ ਕਰੀਬ ਦੋ ਮੁਲਾਜ਼ਮ ਆਪਸ ਵਿੱਚ ਭਿੜ ਗਏ। ਇਸ ਦੌਰਾਨ ਇੱਕ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ ਦੂਜਾ ਮੁਲਾਜ਼ਮ ਮੌਕੇ ਤੋਂ ਫਰਾਰ ਹੋ ਗਿਆ। ਦੋਵੇਂ ਇੱਕ ਦੂਜੇ ਦੇ ਰਿਸ਼ਤੇਦਾਰ ਸਨ। ਸਾਥੀ ਕਰਮਚਾਰੀਆਂ ਅਨੁਸਾਰ ਅਕਾਊਂਟਸ ਬ੍ਰਾਂਚ ‘ਚ ਕੰਮ ਕਰਦੇ ਸੁਖਬੀਰ ਸਿੰਘ ਅਤੇ ਦਰਬਾਰਾ ਸਿੰਘ ਵਿਚਕਾਰ ਦੁਪਹਿਰ ਸਮੇਂ ਪਰਿਵਾਰਕ ਝਗੜੇ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਇਸ ਤੋਂ ਬਾਅਦ ਦੋਹਾਂ ਨੇ ਇਕ ਦੂਜੇ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦੋਸ਼ੀ ਸੁਖਬੀਰ ਸਿੰਘ ਨੇ ਦਰਬਾਰਾ ਸਿੰਘ ‘ਤੇ 5 ਵਾਰ ਤਲਵਾਰ ਨਾਲ ਹਮਲਾ ਕੀਤਾ। ਦਰਬਾਰਾ ਸਿੰਘ ਦੇ ਬੇਹੋਸ਼ ਹੋਣ ਤੱਕ ਉਹ ਹਮਲਾ ਕਰਦਾ ਰਿਹਾ। ਇਸ ਤੋਂ ਬਾਅਦ ਦਰਬਾਰਾ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਐਸਜੀਪੀਸੀ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਦੋਵੇਂ ਲੜਦੇ ਹੋਏ ਘਰ ਤੋਂ ਆਏ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ। ਘਟਨਾ ਤੋਂ ਬਾਅਦ ਸੁਖਬੀਰ ਸਿੰਘ ਮੌਕੇ ਤੋਂ ਫਰਾਰ ਹੈ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਮੈਨੇਜਰ ਹਰਿਮੰਦਰ ਸਾਹਿਬ ਜਗਤਾਰ ਸਿੰਘ ਨੇ ਦੱਸਿਆ ਕਿ ਅੱਜ ਸੁਖਬੀਰ ਸਿੰਘ ਆਪਣੇ ਦੋ ਸਾਥੀਆਂ ਨਾਲ ਆਇਆ ਹੋਇਆ ਸੀ। ਸੁਖਬੀਰ ਨੂੰ ਕੁਝ ਸਮਾਂ ਪਹਿਲਾਂ ਧਰਮ ਪ੍ਰਚਾਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਮੇਟੀ ਨੇ ਸੁਖਬੀਰ ਨੂੰ ਮੁਅੱਤਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦਕਿ ਮ੍ਰਿਤਕ ਦਰਬਾਰਾ ਸਿੰਘ 31 ਅਕਤੂਬਰ ਨੂੰ ਸੇਵਾਮੁਕਤ ਹੋਣਾ ਸੀ। ਮੁਲਜ਼ਮ ਸੁਖਬੀਰ ਐਸਜੀਪੀਸੀ ਦੇ ਕੁਆਰਟਰ ਵਿੱਚ ਰਹਿੰਦਾ ਸੀ। ਜਦੋਂਕਿ ਮ੍ਰਿਤਕ ਪਿੰਡ ਕਾਦਰਾਬਾਦ ਦਾ ਰਹਿਣ ਵਾਲਾ ਸੀ।