28 ਜੁਲਾਈ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਾਈਕਲਿੰਗ ਖਿਡਾਰੀਆਂ ਦੇ ਹੋਣਗੇ ਟਰਾਇਲ 

  • ਚੁਣੇ ਖਿਡਾਰੀਆਂ ਨੂੰ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੀਆਂ ਅਕੈਡਮੀਆਂ ਵਿੱਚ ਖੇਡਣ ਦਾ ਮਿਲੇਗਾ ਸੁਨਹਿਰੀ ਮੌਕਾ

ਗੁਰਦਾਸਪੁਰ, 19 ਜੁਲਾਈ 2024 : ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਜ਼ਮੀਨੀ ਪੱਧਰ ਉੱਤੇ ਨੌਜਵਾਨਾ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਟੇਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਿਸ ਤਹਿਤ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਪਠਾਨਕੋਟ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਸਾਈਕਲਿੰਗ ਦੇ ਖਿਡਾਰੀ ਸ੍ਰੀ ਗੁਰ ਨਾਨਕ ਦੇਵ ਯੂਨੀਵਰਸਿਟੀ ਦੇ ਸਾਈਕਲਿੰਗ ਵੈਲੋਡਰਮ ਵਿਖੇ 28 ਜੁਲਾਈ-2024 ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਕਰਵਾਏ ਜਾਣ ਵਾਲੇ ਟਰਾਇਲਾਂ ਵਿੱਚ ਭਾਗ ਲੈ ਸਕਦੇ ਹਨ। ਭਾਗ ਲੈਣ ਵਾਲੇ ਖਿਡਾਰੀਆਂ ਦੀ ਉਮਰ 12 ਤੋ 14 ਸਾਲ (ਜਨਮ ਮਿਤੀ 2010,2011,2012) ਹੋਣੀ ਚਾਹੀਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੇਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਦੇ ਕਨਵੀਨਰ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਟੇਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਿਸ ਦਾ ਮੁੱਖ ਮਕਸਦ ਨੌਜਵਾਨਾਂ ਖੇਡਾਂ ਅਤੇ ਵਿਸ਼ੇਸ਼ ਤੌਰ ਤੇ ਸਾਈਕਲਿੰਗ ਖੇਡ ਨਾਲ ਜੋੜਨਾ ਹੈ ਤਾਂ ਜੋ ਪੰਜਾਬ ਵਿੱਚ ਸਾਈਕਲਿੰਗ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ। ਇਸ ਤਹਿਤ ਖਿਡਾਰੀਆਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੀਆਂ ਅਕੈਡਮੀਆਂ ਵਿੱਚ  ਭੇਜਿਆ ਜਾਵੇਗਾ, ਜਿੱਥੇ ਉਨ੍ਹਾਂ ਦਾ ਰਹਿਣਾ, ਖ਼ੁਰਾਕ, ਟਰੇਨਿੰਗ , ਖੇਡ ਦਾ ਸਾਜੋ ਸਮਾਨ ਮੁਫ਼ਤ ਦਿੱਤਾ ਜਾਵੇਗਾ। ਸ. ਕਾਹਲੋਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਨੌਜਵਾਨਾਂ ਦੀ ਟਰਾਇਲ ਰਾਹੀਂ ਚੋਣ ਕੀਤੀ ਜਾਣੀ ਹੈ, ਤੇ ਚੁਣੇ ਹੋਏ ਖਿਡਾਰੀ ਦਿੱਲੀ ਵਿਖੇ ਫਾਈਨਲ ਟਰਾਇਲ ਲਈ ਭੇਜੇ ਜਾਣਗੇ । ਇਹਨਾਂ ਟਰਾਇਲਾਂ ਵਿੱਚ ਖਿਡਾਰੀਆਂ ਨੂੰ ਸਟੈਂਡਿੰਗ ਬਰੌਡ ਜੰਪ, ਹਾਈ ਜੰਪ (ਵਰਟੀਕਲ) ਅਤੇ ਲੜਕੇ 1600 ਮੀਟਰ ਅਤੇ ਲੜਕੀਆਂ 800 ਮੀਟਰ ਦੀ ਦੌੜ ਕਰਵਾਈ ਜਾਵੇਗੀ। ਭਾਗ ਲੈਣ ਵਾਲੇ ਚਾਹਵਾਨ ਖਿਡਾਰੀ ਆਪਣੀ ਯੋਗਤਾ, ਉਮਰ ਦੇ ਸਬੂਤ ਦੇ ਸਬੰਧਿਤ ਸਰਟੀਫਿਕੇਟ, 04 ਪਾਸਪੋਰਟ ਸਾਈਜ਼ ਫ਼ੋਟੋਆਂ ਲੈ ਕੇ 28 ਜੁਲਾਈ ਨੂੰ ਸ੍ਰੀ ਗੁਰ ਨਾਨਕ ਦੇਵ ਯੂਨੀਵਰਸਿਟੀ ਦੇ ਸਾਈਕਲਿੰਗ ਵੈਲੋਡਰਮ ਦੇ ਸਟੇਡੀਅਮ ਵਿੱਚ ਰਿਪੋਰਟ ਕਰਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਟੇਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਕਮੇਟੀ ਮੈਂਬਰ ਰਜੇਸ਼ ਕੌਸ਼ਿਕ ਅਤੇ ਸਿਮਰਨਜੀਤ ਸਿੰਘ ਰੰਧਾਵਾ ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ ਨਾਲ ਇਸ ਫ਼ੋਨ ਨੰਬਰ 8360089345 'ਤੇ ਸੰਪਰਕ ਕੀਤਾ ਜਾ ਸਕਦਾ ਹੈ।