ਅਜਨਾਲਾ ਦੀ ਸਰਹੱਦੀ ਪੱਟੀ ਵਿੱਚ ਬਾਰਡਰ ਦੀ ਲਾਈਫ ਲਾਈਨ ਬਣਨਗੀਆਂ ਤਿੰਨ ਸੜਕਾਂ  : ਕੁਲਦੀਪ ਸਿੰਘ ਧਾਲੀਵਾਲ

  • 46 ਕਰੋੜ ਰੁਪਏ ਦੀ ਲਾਗਤ ਨਾਲ ਬਣਨਗੀਆਂ 18 ਫੁੱਟ ਚੌੜੀਆਂ ਸੜਕਾਂ
  • ਚਾਰ ਰਸਤਿਆਂ ਉੱਤੇ ਬਣਨ ਗਏ ਚਾਰ ਸੁੰਦਰ ਗੇਟ : ਧਾਲੀਵਾਲ

ਅੰਮ੍ਰਿਤਸਰ, 3 ਅਗਸਤ 2024 : ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਹਲਕੇ ਦੇ ਕਸਬੇ ਰਮਦਾਸ ਦਾ ਦੌਰਾ ਕਰਦਿਆਂ ਐਲਾਨ ਕੀਤਾ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ਨੂੰ ਆਉਂਦੇ ਚਾਰ ਮੁੱਖ ਰਸਤਿਆਂ ਉੱਤੇ ਧਾਰਮਿਕ ਦਿਖ ਵਾਲੇ ਸੁੰਦਰ ਗੇਟ ਬਣਾਏ ਜਾਣਗੇ, ਜਿੰਨਾ ਉੱਤੇ ਕਰੀਬ ਚਾਰ ਕਰੋੜ ਰੁਪਏ ਦੀ ਲਗਤ ਆਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਦੱਸਿਆ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਇਸ ਨਗਰੀ ਦਾ ਵਿਕਾਸ ਕਰਨਾ ਮੇਰਾ ਮੁੱਖ ਟੀਚਾ ਹੈ ਅਤੇ ਮੈਂ ਲਗਾਤਾਰ ਇਸ ਲਈ ਕੰਮ ਕਰ ਰਿਹਾ ਹਾਂ, ਜਿਸ ਸਦਕਾ ਰਮਦਾਸ ਨੂੰ ਆਉਂਦੀ ਮੁੱਖ ਸੜਕ ਤੇ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰੇ ਤੱਕ ਜਾਂਦੀ ਸੜਕ ਬਣ ਚੁੱਕੀ ਹੈ ਅਤੇ ਹੁਣ ਇਸ ਇਸ ਸ਼ਹਿਰ ਨੂੰ ਆਉਂਦੇ ਚਾਰ ਮੁੱਖ ਰਸਤਿਆਂ ਉੱਤੇ ਵੱਡੇ ਦਰਵਾਜੇ ਬਣਾਏ ਜਾਣਗੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਰਮਦਾਸ ਤੋਂ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ ਵੀ ਛੇਤੀ ਬਣਨਗੀਆਂ।  ਸ ਧਾਲੀਵਾਲ ਨੇ ਦੱਸਿਆ ਕਿ ਰਮਦਾਸ ਨੂੰ ਬਲਾਕ ਦਾ ਦਰਜਾ ਦਿੱਤਾ ਜਾ ਚੁੱਕਾ ਹੈ ਅਤੇ ਬਲਾਕ ਦੀ ਇਮਾਰਤ ਬਣ ਗਈ ਹੈ ਅਤੇ ਨਿਕਟ ਭਵਿੱਖ ਵਿੱਚ ਰਮਦਾਸ ਨੂੰ ਮਾਰਕੀਟ ਕਮੇਟੀ ਦਾ ਦਫਤਰ ਦੇਣ ਉੱਤੇ ਵੀ ਵਿਚਾਰ ਚੱਲ ਰਹੀ ਹੈ ਜਿਸ ਨੂੰ ਛੇਤੀ ਪੂਰਾ ਕੀਤਾ ਜਾਵੇਗਾ। ਕੈਬਨਿਟ ਮੰਤਰੀ ਧਾਲੀਵਾਲ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਤਿੰਨ ਸੜਕਾਂ ਅਪਗਰੇਡ ਕੀਤੀਆਂ ਜਾਣਗੀਆਂ, ਜੋ ਕਿ ਬਾਰਡਰ ਦੀ ਲਾਈਫ ਲਾਈਨ ਬਣਨਗੀਆਂ। ਉਹਨਾਂ ਦੱਸਿਆ ਕਿ ਇਨ੍ਹਾਂ ਸੜਕਾਂ ਵਿੱਚੋਂ ਇੱਕ ਸੜਕ ਥੋਬੇ ਤੋਂ ਮਲਕਪੁਰ ਹੁੰਦੀ ਹੋਈ ਰੂੜੇਵਾਲ ਨੰਗਲ ਸੋਹਲ ਹੁੰਦੀ ਪਸੀਏ ਤੱਕ ਜਾਵੇਗੀ, ਜਿਸ ਉੱਤੇ 13.50 ਕਰੋੜ ਰੁਪਏ ਦੀ ਲਾਗਤ ਆਵੇਗੀ। ਦੂਸਰੀ ਸੜਕ ਕਮਾਲਪੁਰੇ ਤੋਂ ਥੋਬਾ, ਬਾਠ, ਦਿਆਲ ਭੜੰਗ ਤੱਕ  ਜਾਵੇਗੀ , ਜਿਸ ਉੱਤੇ 16.50 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸੇ ਤਰ੍ਹਾਂ ਤੀਸਰੀ ਸੜਕ ਭੱਲਾ ਪਿੰਡ ਸੁਧਾਰ ਤੋਂ ਨਾਨੂੰ ਕੇ , ਭੂਰੇ ਗਿੱਲ, ਕੋਟਲਾ ਤੱਕ ਜਾਵੇਗੀ ਜਿਸ ਉੱਤੇ 16.77 ਕਰੋੜ ਦੀ ਲਾਗਤ ਆਵੇਗੀ।  ਉਹਨਾਂ ਦੱਸਿਆ ਕਿ ਇਸ ਤਰਾਂ ਲਗਭਗ 43 ਕਰੋੜ ਰੁਪਏ ਦੀ ਲਾਗਤ ਨਾਲ ਇਹ ਸੜਕਾਂ ਪੂਰੀਆਂ ਹੋਣਗੀਆਂ, ਜਿਸ ਨਾਲ ਇਸ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋਵੇਗੀ। ਉਹਨਾਂ ਜ਼ਿਕਰ ਕੀਤਾ ਕਿ ਇਸ ਤੋਂ ਇਲਾਵਾ ਰਾਵੀ ਦਰਿਆ ਦੇ ਨਾਲ 78 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਧੁੱਸੀ ਬੰਨ ਵੀ ਆਵਾਜਾਈ ਲਈ ਵਰਤਿਆ ਜਾ ਸਕੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੰਮ ਕਰਕੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਹਨ ਉਹ ਪੂਰੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਅਜਨਾਲਾ ਹਲਕਾ  ਜੋ ਕਿ ਪਿਛਲੀਆਂ ਸਰਕਾਰਾਂ ਵੱਲੋਂ ਕੀਤੀ ਅਣਦੇਖੀ ਕਾਰਨ ਲਗਾਤਾਰ ਵਿਕਾਸ ਪੱਖੋਂ ਬਹੁਤ ਪਿੱਛੇ ਰਹਿ ਗਿਆ ਸੀ, ਦੇ ਲੋਕਾਂ ਨਾਲ ਮੈਂ ਜੋ ਵੀ ਵਾਅਦਾ ਕੀਤਾ ਹੈ ਉਹ ਪੂਰਾ ਹੋਵੇਗਾ ਅਤੇ ਇਹ ਸੜਕਾਂ ਇਸੇ ਦਾ ਹੀ ਸਿੱਟਾ ਹਨ । ਇਸ ਮੌਕੇ ਉਹਨਾਂ ਨਾਲ ਐਕਸੀਅਨ ਦਿਆਲ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।