ਮਹਿਲਾ ਜੱਜ ਦੇ ਘਰ ਚੋਰੀ ਦੇ ਮਾਮਲੇ ਵਿਚ ਆਇਆ ਨਵਾਂ ਮੋੜ, ਲੜਕੀ ਤੇ ਤਸ਼ੱਦਦ ਕਰਨ ਵਾਲੇ 2 ਏਐਸਆਈ ਖਿਲਾਫ਼ ਮਾਮਲਾ ਦਰਜ 

ਗੁਰਦਾਸਪੁਰ, 23 ਜੁਲਾਈ : ਮਹਿਲਾ ਜੱਜ ਦੇ ਘਰ ਚੋਰੀ ਦੇ ਮਾਮਲੇ ਵਿਚ ਗੁਰਦਾਸਪੁਰ ਦੇ ਉੱਚ ਪੁਲਿਸ ਅਧਿਕਾਰੀਆਂ ਵੱਲੋਂ ‌ਜੱਜ ਦੇ ਘਰ ਕੰਮ ਕਰਦੀ ਇੱਕ ਲੜਕੀ ਤੇ ਤਸ਼ੱਦਦ ਕਰਨ ਦੀ ਘਟਨਾ ਵਿੱਚ ਆਇਆ ਨਵਾਂ ਮੋੜ, ਪੁਲਿਸ ਅਧਿਕਾਰੀਆਂ ਵੱਲੋਂ ਲੜਕੀ ਤੇ ਤਸ਼ੱਦਦ ਕਰਨ ਵਾਲੇ ਦੋ ਮੰਗਲ ਸਿੰਘ (ਏਐਸਆਈ) ਅਤੇ ਅਸਵਨੀ ਕੁਮਾਰ (ਏਐਸਆਈ) ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸ ਦਈਏ ਕਿ ਮਾਮਲੇ ਵਿਚ ‌ਇਹਨਾਂ ਦੋ ਏ ਐਸ ਆਈਜ਼ ਤੋਂ ਇਲਾਵਾ ਥਾਨਾ ਸਿਟੀ ਗੁਰਦਾਸਪੁਰ ਦੇ ਤਤਕਾਲੀ ਐਸ ਐਚ ਓ ਗੁਰਮੀਤ ਸਿੰਘ ਅਤੇ ਜੱਜ ਦੀ ਸੁਰੱਖਿਆ ਵਿੱਚ ਤੈਨਾਤ ਸਰਵਣ ਸਿੰਘ ਪਹਿਲਾਂ ਹੀ ਮੁਅੱਤਲ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮਾਮਲੇ ਦੀ ਵਿਭਾਗੀ ਜਾਂਚ ਵੀ ਐਸ ਪੀ  ਰੈਂਕ ਦੇ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ। ਪੀੜਤ ਲੜਕੀ ਨੇ ਦੋਸ਼ ਲਗਾਇਆ ਸੀ ਕਿ ਚੋਰੀ ਦੀ ਪੁੱਛ ਗਿੱਛ ਲਈ ਇਨ੍ਹਾਂ ਪੁਲਿਸ ਅਧਿਕਾਰੀਆਂ ਵੱਲੋਂ ਉਸ ਤੇ ਅਮਨੁੱਖੀ ਤਸ਼ੱਦਦ ਕੀਤਾ ਗਿਆ ਸੀ ਅਤੇ ਪੁਲਿਸ ਸਟੇਸ਼ਨ ਦੇ ਰਿਹਾਇਸ਼ੀ ਕੁਆਟਰਾਂ ਵਿੱਚ ਬਿਨਾ ਮਹਿਲਾ ਪੁਲਿਸ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਉਸਦੇ ਗੁਪਤ ਅੰਗਾਂ ਤੇ ਕਰੰਟ ਤੱਕ ਲਗਾਇਆ ਗਿਆ ਸੀ। ਮਮਤਾ ਨੂੰ ਹਸਪਤਾਲ ਵਿੱਚ ਦਾਖਲ ਕਰਨ ਵਾਲੇ ਡਾਕਟਰ ਰਾਜ ਮਸੀਹ ਨੇ ਐਮਐਲਆਰ ਵਿੱਚ ਵੀ ਜਿਕਰ ਕੀਤਾ ਸੀ ਕਿ ਪੀੜਿਤ ਲੜਕੀ ਮਮਤਾ ਦੇ ਸ਼ਰੀਰ ਦੇ ਵੱਖ-ਵੱਖ ਹਿੱਸਿਆਂ ਤੇ ਸੱਟਾਂ ਦੇ 13 ਨਿਸ਼ਾਨ ਪਾਏ ਗਏ ਹਨ। ਮਾਮਲਾ ਮੀਡੀਆ ਵੱਲੋਂ ਉਛਾਲੇ ਜਾਣ ਤੇ ਲੜਕੀ ਦੇ ਹੱਕ ਵਿੱਚ ਕਈ  ਕਿਸਾਨ ਅਤੇ ਈਸਾਈ ਸੰਗਠਨ ਆ ਕੇ ਖੜ੍ਹੇ ਹੋ ਗਏ ਸਨ। ਇਹਨਾਂ ਸੰਗਠਨਾਂ ਵੱਲੋਂ ਲੜਕੀ ਦੇ ਹੱਕ ਵਿੱਚ ਸਿਵਲ ਹਸਪਤਾਲ ਵਿੱਚ ਧਰਨਾ ਲਗਾ ਕੇ ਲੜਕੀ ਨੂੰ ਹਸਪਤਾਲ ਵਿੱਚ ਮੁੜ ਦਾਖਲ ਕਰਵਾਇਆ ਗਿਆ  ਕਿਉਂਕਿ ਮਮਤਾ ਨੂੰ ਉਸਦੀ ਹਾਲਤ ਤੇ ਗੌਰ ਕੀਤੇ ਬਿਨਾਂ ਨਵੇਂ ਆਏ ਡਾਕਟਰ ਨੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਸੀ। ਲੜਕੀ ਹਜੇ ਤੱਕ ਹਸਪਤਾਲ ਵਿੱਚ ਇਲਾਜ ਅਧੀਨ ਦਾਖਲ ਹੈ।