ਪੰਜਾਬ ਦੇ ਅਮੀਰ ਵਿਰਸੇ ‘ਤੀਆਂ’ ਦੇ ਤਿਉਹਾਰ ਨੂੰ ਸੰਭਾਲਣ ਤੇ ਪ੍ਰਫੁੱਲਤ ਕਰਨ ਦੀ ਅਹਿਮ ਲੋੜ-ਸ੍ਰੀਮਤੀ ਰਾਜਬੀਰ ਕੋਰ ਕਲਸੀ

  • ਆਰ.ਆਰ ਬਾਵਾ ਡੀਏਵੀ ਕਾਲਜ ਫਾਰ ਵੋਮੈਨ ਵਿਖੇ ‘ਤੀਆਂ’ ਦਾ ਤਿਓਹਾਰ ਮਨਾਇਆ

ਬਟਾਲਾ, 19 ਅਗਸਤ : ਪੰਜਾਬ ਦੇ ਅਮੀਰ ਵਿਰਸੇ ‘ਤੀਆਂ’ ਦੇ ਤਿਉਹਾਰ ਨੂੰ ਸੰਭਾਲਣ ਅਤੇ ਪ੍ਰਫੁੱਲਤ ਕਰਨ ਲਈ ਹਰੇਕ ਪੰਜਾਬਣ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਇਸ ਤਿਉਹਾਰ ਤੋਂ ਚੰਗੀ ਤਰ੍ਹਾਂ ਜਾਣੂ ਹੋ ਸਕੇ। ਇਹ ਪ੍ਰਗਟਾਵਾ ਸ੍ਰੀਮਤੀ ਰਾਜਬੀਰ ਕੋਰ ਕਲਸੀ ਧਰਮਪਤਨੀ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੀਤਾ। ਉਹ ਅੱਜ ਸਥਾਨਕ ਆਰ.ਆਰ. ਬਾਵਾ ਡੀਏਵੀ ਕਾਲਜ ਫਾਰ ਵੋਮੈਨ ਵਿਖੇ ਮਨਾਏ ‘ਤੀਆਂ’ ਦੇ ਤਿਉਹਾਰ ਮੌਕੇ ਵਿਸ਼ੇਸ ਤੋਰ ’ਤੇ ਪਹੁੰਚੇ ਸਨ। ਇਸ ਮੌਕੇ ਪਿ੍ਰੰਸੀਪਲ ਡਾ. ਏਕਤਾ ਖੋਸਲਾ, ਗੁਰਪ੍ਰੀਤ ਕੋਰ, ਯੁਵੀਕਾ ਅਤੇ ਕਾਲਜ ਦਾ ਸਟਾਫ ਹਾਜ਼ਰ ਸੀ। ਸ੍ਰੀਮਤੀ ਰਾਜਬੀਰ ਕੋਰ ਕਲਸੀ ਨੇ ਕਾਲਜ ਸਟਾਫ ਵਲੋਂ ਮਨਾਏ ‘ਤੀਆਂ ’ ਦੇ ਤਿਉਹਾਰ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਵਿੱਚ ਅਹਿਮ ਸਥਾਨ ਰੱਖਦਾ ਹੈ। ਇਸ ਤਿਉਹਾਰ ਤੇ ਨਵ-ਵਿਆਹੀਆਂ ਔਰਤਾਂ ਆਪਣੇ ਪੇਕੇ ਪਰਿਵਾਰ ਵਿੱਚ ਆ ਕਿ ਆਪਣੀਆਂ ਪੁਰਾਣੀਆਂ ਸਹੇਲੀਆਂ ਨੂੰ ਮਿਲਦੀਆਂ ਹਨ। ਔਰਤਾਂ ਤੇ ਕੁੜੀਆਂ ਇਕੱਠੀਆਂ ਹੋ ਕਿ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਉਨਾਂ ਦੱਸਿਆ ਕਿ ਪਿਛਲੇ ਹਫਤੇ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਵਿਖੇ ਵੀ ‘ਤੀਆਂ’ ਦਾ ਤਿਉਹਾਰ ਮਨਾਇਆ ਗਿਆ ਸੀ, ਜਿਸ ਵਿੱਚ ਮਹਿਲਾਵਾਂ ਨੇ ਪੂਰੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਸੀ। ‘ਤੀਆਂ’ ਦੇ ਤਿਉਹਾਰ ਮੌਕੇ ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਵਿੱਚ ਸੱਜ਼ੀਆਂ ਮਹਿਲਾਵਾਂ ਨੇ ਗਿੱਧੇ ਅਤੇ ਲੋਕ ਗੀਤਾਂ ਜਰੀਏ ਆਪਣੇ ਮਨੋ-ਭਾਵਾਂ ਅਤੇ ਖੁਸ਼ੀ ਦਾ ਖੁੱਲ ਕੇ ਇਜ਼ਹਾਰ ਕੀਤਾ। ਲੜਕੀਆਂ ਵਲੋਂ ਗਿੱਧੇ ਤੇ ਬੋਲੀਆਂ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਸਮਾਜ ਨੂੰ ਵਧੀਆ ਸੁਨੇਹਾ ਦੇਣ ਵਾਲੇ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ।