ਪਹਿਲੀ ਤਿਮਾਹੀ ਦੌਰਾਨ ਹਰੇਕ ਗਰਭਵਤੀ ਔਰਤ ਦਾ ਥੈਲੇਸੀਮੀਆ ਟੈਸਟ ਲਾਜਮੀ : ਡਿਪਟੀ ਕਮਿਸ਼ਨਰ

  • ਸਿਹਤ ਵਿਭਾਗ ਵੱਲੋਂ ਤਿਆਰ ਕੀਤਾ ਥੇਲੈਸੀਮੀਆ ਦਾ ਪੋਸਟਰ ਜਾਰੀ

ਅੰਮ੍ਰਿਤਸਰ 24 ਅਗਸਤ : ਅੱਜ ਦਫ਼ਤਰ ਜਿਲ੍ਹਾ ਪ੍ਰੀਸ਼ਦ ਵਿਖੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਮਿਤ ਤਲਵਾੜ ਨੇ ਜਿਲ੍ਹਾ ਪੱਧਰੀ ਡੀ.ਐਚ.ਐਸ ਦੀ ਰਿਵਿਊ ਮੀਟਿੰਗ ਕੀਤੀ । ਉਨ੍ਹਾਂ ਨੇ ਕਿਹਾ ਕਿ ਸਰਕਾਰੀ ਨਸ਼ਾ ਛੁੜਾਊ ਕੇਂਦਰ ਤੋਂ ਇਲਾਵਾ ਜਿੰਨੇ ਵੀ ਪ੍ਰਾਈਵੇਟ ਸੈਂਟਰ ਕੰਮ ਕਰ ਰਹੇ ਹਨ, ਦੀ ਹਰ ਤਿਮਾਹੀ ਤੇ ਨਿਰੀਖਣ ਕੀਤਾ ਜਾਵੇ ਅਤੇ ਇਸ ਦੀ ਕਾਰਗੁਜਾਰੀ ਦੀ ਰਿਪੋਰਟ ਮਹੀਨਾਵਾਰ ਮੀਟਿੰਗ ਵਿੱਚ ਵਿਚਾਰਿਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਪੁਨਰਵਾਸ ਕੇਂਦਰਾਂ ਤੇ ਸਕਿੱਲਡ ਕੋਰਸਾਂ ਵਿੱਚ ਭੰਗੜੇ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਕਿ ਇਨਾਂ ਮਰੀਜਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਪੁਨਰਵਾਸ ਕੇਂਦਰ ਦੇ ਸੁੰਦਰੀਕਰਨ ਵੀ ਕੀਤਾ ਜਾਵੇ। ਆਮ ਆਦਮੀ ਕਲੀਨਿਕ ਬਾਰੇ ਗੱਲਬਾਤ ਕਰਦਿਆਂ ਉਨਾਂ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਵਿਅਕਤੀਗਤ ਤੌਰ ਤੇ ਜਾ ਕੇ ਆਮ ਆਦਮੀ ਕਲੀਨਿਕਾਂ ਦਾ ਦੌਰਾ ਕਰਨ ਅਤੇ ਚੈਕ ਲਿਸਟ ਦੇ ਅਨੁਸਾਰ ਉਸਦੀ ਰਿਪੋਰਟਿੰਗ ਕਰਨ। ਤਲਵਾੜ ਨੇ ਸਿਹਤ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਥੈਲੇਸੀਮੀਆ ਦਾ ਪੋਸਟਰ ਜਾਰੀ ਕੀਤਾ ਅਤੇ ਸਿਹਤ ਵਿਭਾਗ ਦੇ ਡਾਕਟਰਾਂ ਨੂੰ ਹਦਾਇਤ ਕੀਤੀ ਗਈ ਕਿ ਹਰੇਕ ਗਰਭਵਤੀ ਔਰਤ ਦਾ ਪਹਿਲੇ ਤਿਮਾਹੀ ਵਿੱਚ ਥੈਲੇਸੀਮੀਆ ਦਾ ਟੈਸਟ ਕਰਵਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਆਈ.ਈ.ਸੀ. ਗਤੀਵਿਧੀਆਂ ਅਧੀਨ ਹਰੇਕ ਸੀ.ਐਚ.ਸੀ., ਪੀ.ਐਚ.ਸੀ. ਅਤੇ ਸਬ ਸੈਂਟਰ ਪੱਧਰ ਤੇ ਥੈਲੇਸੀਮੀਆ ਦਾ ਪੋਸਟਰ ਵੀ ਲਗਵਾਇਆ ਜਾਵੇ। ਇਸ ਮੀਟਿੰਗ ਦੌਰਾਨ ਸਿਵਲ ਸਰਜਨ ਡਾ: ਵਿਜੈ ਕੁਮਾਰ, ਸਹਾਇਕ ਸਿਵਲ ਸਰਜਨ ਡਾ. ਰਜਿੰਦਰ ਪਾਲ ਕੌਰ, ਡੀ.ਐਚ.ਓ. ਡਾ. ਜਸਪਾਲ ਸਿੰਘ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਭਾਰਤੀ ਧਵਨ, ਬੀ.ਸੀ. ਜੀ. ਅਫ਼ਸਰ ਡਾ. ਰਾਘਵ ਗੁਪਤਾ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਜਸਪ੍ਰੀਤ ਸ਼ਰਮਾ, ਜਿਲ੍ਹਾ ਐਪੀਡਮੋਲਿਸਟ ਡਾ. ਹਰਜੋਤ ਕੌਰ, ਡਾ. ਇਸ਼ਿਤਾ, ਡਿਪਟੀ ਮੈਡੀਕਲ ਕਮੀਸ਼ਨਰ ਡਾ. ਗੁਰਮੀਤ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਕਮਲਦੀਪ ਭੱਬਾ ਅਤੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਹਾਜਰ ਸਨ।