ਸਵਾਮੀ ਵਿਵੇਕਾਨੰਦ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਵਿੱਚ ਨਸ਼ੇ ਤੋਂ ਗ੍ਰਸਤ ਲੋਕਾਂ ਦਾ ਕੀਤਾ ਜਾਂਦਾ ਹੈ ਮੁਫ਼ਤ ਇਲਾਜ

ਅੰਮ੍ਰਿਤਸਰ 16 ਜੁਲਾਈ 2024 : ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਸਵਾਮੀ ਵਿਵੇਕਾਨੰਦ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਅੰਮ੍ਰਿਤਸਰ ਵਿੱਚ ਨਸ਼ਾ ਗ੍ਰਸਤ ਮਰੀਜਾਂ ਨੂੰ ਮੁਫ਼ਤ ਦਵਾਈਆਂ, ਮੁਫ਼ਤ ਖਾਣਾ-ਪੀਣਾ, ਮੁਫ਼ਤ ਰਹਿਣ-ਸਹਿਣ, ਮੁਫ਼ਤ ਟੈਸਟ ਕੀਤੇ ਜਾਂਦੇ ਹਨ ਅਤੇ ਨਸ਼ਾ ਮੁਕਤੀ ਦੇ ਸਾਰੇ ਵਾਰਡ ਏਅਰ ਕੰਡੀਸ਼ਨ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਨਸ਼ਾ ਛੱਡਣ ਵਾਲੇ ਮਰੀਜ਼ਾਂ ਨੂੰ ਸਕਿਲ ਡਿਵਲਪਮੈਂਟ ਕੋਰਸ, ਜਿਵੇਂ ਪਲੰਬਰ , ਇਲੈਕਟ੍ਰੀਸ਼ੀਅਨ, ਕੰਪਿਊਟਰ, ਮਿਊਜਿਕ ਅਤੇ ਡਾਂਸ ਆਦਿ ਦੇ ਕੋਰਸ ਕਰਵਾਏ ਜਾਂਦੇ ਹਨ ਅਤੇ ਇਨਾਂ ਨੂੰ ਤਜਰਬੇਕਾਰ ਸਟਾਫ ਦੁਆਰਾ ਸਿਖਲਾਈ ਦਿੱਤੀ ਜਾਂਦੀ ਹੈ, ਤਾਂ ਕਿ ਨਸ਼ਾ ਛੱਡਣ ਤੋਂ ਬਾਅਦ ਇਹ ਆਪਣਾ ਜੀਵਨ ਮੁੜ ਸੁਰਜੀਤ ਕਰ ਸਕਣ। ਸ੍ਰੀ ਘਨਸ਼ਾਮ ਥੋਰੀ ਨੇ ਪਿੰਡ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ ਅਤੇ ਪੁਲਸ ਅਧਿਕਾਰੀਆਂ ਤੇ ਹੋਰ ਧਾਰਮਿਕ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਾ ਗ੍ਰਸਤ ਲੋਕਾਂ ਨੂੰ ਵੱਧ ਤੋਂ ਵੱਧ ਨ਼ਸ਼ਾ ਮੁਕਤੀ ਕੇਂਦਰਾਂ ਵਿੱਚ ਲੈ ਕੇ ਆਉਣ ਤਾਂ ਜੋ ਉਨਾਂ ਦਾ ਇਲਾਜ ਕੀਤਾ ਜਾ ਸਕੇ ਤਾਂ ਜੋ ਉਹ ਆਪਣੇ ਪੈਰਾਂ ਤੇ ਮੁੜ ਖੜ੍ਹੇ ਹੋ ਸਕਣ।