ਸਰਫੇਸ ਸੀਡਰ ਵਿਧੀ-ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਦਾ ਇੱਕ ਸੁਖਾਲਾ ਢੰਗ: ਡਾ. ਭੁੱਲਰ

ਤਰਨ ਤਾਰਨ 01 ਮਾਰਚ : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਦੀ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਵੱਲੋਂ ਇਕ ਟਰੈਵਲ ਸੈਮੀਨਾਰ ਦਾ ਆਯੋਜਨ  ਪਿੰਡ ਬੁਰਜ਼ ਦੇਵਾ ਸਿੰਘ, ਸਰਹਾਲੀ ਅਤੇ ਜਾਮਾਰਾਏ ਵਿਖੇ ਕੀਤਾ ਗਿਆ ਜਿਸ ਦੇ ਤਹਿਤ ਕਿਸਾਨ ਜਸਕਰਨ ਸਿੰਘ, ਦਿਲਬਾਗ ਸਿੰਘ, ਗੁਰਬਚਨ ਸਿੰਘ, ਹਰਦੇਵ ਸਿੰਘ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ ਵੱਲੋਂ ਸਰਫੇਸ ਸੀਡਰ ਨਾਲ ਬੀਜੀ ਕਣਕ ਦੇ ਖੇਤਾਂ ਦਾ ਦੋਰਾ ਕੀਤਾ ਗਿਆ ਜਿਸ ਦਾ ਮੁੱਖ ਮੰਤਵ ਇਲਾਕੇ ਦੇ ਕਿਸਾਨਾਂ ਨੂੰਂ ਖੇਤਾਂ ਵਿੱਚ ਖੜੀ ਫਸਲ ਦਿਖਾ ਕੇ ਇਸ ਵਿਧੀ ਬਾਰੇ ਜਾਗਰੂਕ ਕਰਨਾ ਅਤੇ ਜਿਹੜੇ ਕਿਸਾਨਾਂ ਨੇਂ ਇਸ ਤਰੀਕੇ ਨੂੰਂ ਅਪਣਾਇਆ, ਉਹਨਾਂ ਕਿਸਾਨਾਂ ਨੂੰਂ ਹੋਰ ਉਤਸ਼ਾਹਿਤ ਕਰਨਾ ਸੀ।  ਡਾ. ਭੁੱਲਰ ਨੇਂ ਆਪਣੇ ਵਿਚਾਰ ਸਾਂਝੇ ਕਰਦਿਆ ਦੱਸਿਆ ਕਿ ਕਣਕ ਬੀਜਣ ਅਤੇ ਪਰਾਲੀ ਦੀ ਸੰਭਾਲ ਕਰਨ ਦਾ ਇਹ ਇਕ ਬਹੁਤ ਸਸਤਾ ਅਤੇ ਸੁਖਾਲਾ ਢੰਗ ਹੈ, ਉਨਾਂ ਨੇਂ ਕਿਸਾਨਾਂ ਨੂੰਂ ਇਸ ਵਿਧੀ ਨਾਲ ਕਣਕ ਬੀਜਣ ਬਾਰੇ ਪ੍ਰੇਰਿਤ ਕੀਤਾ।ਡਾ. ਜਸਵੀਰ ਸਿੰਘ ਗਿੱਲ, ਫਸਲ ਵਿਗਿਆਨੀ ਨੇਂ ਸਰਫੇਸ ਸੀਡਰ ਮਸ਼ੀਨ ਦੀ ਵਰਤੋਂ ਵੇਲੇ ਸਾਵਧਾਨੀਆਂ ਰੱਖਣ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।ਡਾ.ਹਰਪਾਲ ਸਿੰਘ ਪੰਨੂ, ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਵੱਲੋਂ ਇਸ ਤਕਨੀਕ ਨੂੰਂ ਵੱਡੇ ਪੱਧਰ ਤੇ ਪ੍ਰਚੱਲਤ ਕਰਨ ਲਈ ਫੀਲਡ ਸਟਾਫ ਅਤੇ ਕਿਸਾਨਾਂ ਦੀ ਸਿਖਲਾਈ ਦੀ ਲੋੜ ਤੇ ਜ਼ੋਰ ਦਿੱਤਾ ਗਿਆ।ਸੈਮੀਨਾਰ ਦੋਰਾਨ ਸਰਫੇਸ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕਰਨ ਵਾਲੇ 25 ਕਿਸਾਨਾਂ ਨੂੰਂ ਡਾ. ਮੱਖਣ ਸਿੰਘ ਭੁੱਲਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਦੇ ਸਮੂਹ ਪਸਾਰ ਵਿਗਿਆਨੀ, ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ ਦੇ ਸਹਿਯੋਗੀ ਨਿਰਦੇਸ਼ਕ ਡਾ. ਬਿਕਰਮਜੀਤ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ, ਤਰਨ ਤਾਰਨ ਦੇ  ਵਿਗਿਆਨੀ, ਪੀ ਏ ਯੂ ਤੋਂ ਡਾ. ਅਮਿਤ ਕੋਲ, ਖੇਤੀਬਾੜੀ ਵਿਭਾਗ ਅਤੇ ਆਤਮਾ ਤਰਨ ਤਾਰਨ ਅਤੇ ਅੰਮ੍ਰਿਤਸਰ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।