ਖਾਲਸਾ ਏਡ ਦੇ ਹੱਕ ਵਿਚ ਬੋਲੇ ਸੁਨੀਲ ਜਾਖੜ, ਖਾਲਸਾ ਏਡ ਨੇ ਦੁਨੀਆ ਵਿਚ ਸਿੱਖਾਂ ਤੇ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਹੈ।

ਅੰਮ੍ਰਿਤਸਰ, 7 ਅਗਸਤ : ਐਨਆਈਏ ਦੇ ਵਲੋਂ ਪਿਛਲੇ ਦਿਨੀਂ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਦੇ ਦਫ਼ਤਰ ਤੇ ਰੇਡ ਦੀ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਨਿੰਦਾ ਕੀਤੀ। ਅੱਜ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸੁਨੀਲ ਜਾਖੜ ਖਾਲਸਾ ਏਡ ਦੇ ਹੱਕ ਵਿਚ ਬੋਲੇ ਅਤੇ ਕਿਹਾ ਕਿ, ਖਾਲਸਾ ਏਡ ਅਜਿਹੀ ਸੰਸਥਾ ਹੈ, ਜਿਸ ਨੇ ਦੇਸ਼ ਦੁਨੀਆ ਵਿਚ ਸਿੱਖਾਂ ਤੇ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ, ਐਨਆਈਏ ਕੋਲ ਕੋਈ ਵੀ ਇਨਪੁਟ ਹੋ ਸਕਦਾ ਹੈ, ਮੈਂ ਇਸ ਬਾਰੇ ਕੁੱਝ ਨਹੀਂ ਬੋਲਦਾ, ਪਰ ਖਾਲਸਾ ਏਡ ਜਿਸ ਤਰ੍ਹਾ ਨਾਲ ਦੇਸ਼ ਦੁਨੀਆ ਵਿਚ ਕੰਮ ਕਰ ਰਹੀ ਹੈ, ਉਸ ਦੇ ਨਾਲ ਸਾਨੂੰ ਸਾਰਿਆਂ ਨੂੰ ਹੀ ਉਸ ਤੇ ਮਾਨ ਹੈ। ਜਾਖੜ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ, ਖਾਲਸਾ ਏਡ ਹਮੇਸ਼ਾਂ ਲੋਕਾਂ ਦੀ ਸੇਵਾ ਕਰਦੀ ਰਹੀ ਹੈ ਅਤੇ ਹੁਣ ਵੀ ਕਰ ਰਹੀ ਹੈ। ਪੰਜਾਬ ਵਿਚ ਹੜ੍ਹ ਪੀੜਤਾਂ ਦੀ ਜਿਸ ਤਰ੍ਹਾਂ ਨਾਲ ਖ਼ਾਲਸਾ ਏਡ ਨੇ ਮਦਦ ਕੀਤੀ ਹੈ, ਇਸ ਤਰ੍ਹਾਂ ਕੋਈ ਵੀ ਨਹੀਂ ਕਰ ਸਕਿਆ। ਇਸ ਦੌਰਾਨ ਸੁਨੀਲ ਜਾਖੜ ਪੰਜਾਬ ਸਰਕਾਰ ਤੇ ਵੀ ਵਰਦੇ ਨਜ਼ਰੀਂ ਆਏ। ਉਨ੍ਹਾਂ ਦੋਸ਼ ਲਾਇਆ ਕਿ, ਹੜ੍ਹਾਂ ਕਰਕੇ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਇਕ ਮਹੀਨੇ ਤੋਂ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵਲੋਂ ਕੋਈ ਮਾਲੀ ਮਦਦ ਨਹੀਂ ਕੀਤੀ ਗਈ, ਜਦੋਂ ਕਿ ਪੰਜਾਬ ਸਮੇਤ ਚੰਡੀਗੜ੍ਹ ਦੀਆਂ ਵੱਖ ਵੱਖ ਜਗ੍ਹਾਵਾਂ ਤੇ ਇਸ਼ਤਿਆਰੀ ਬੋਰਡ ਲਗਾ ਕੇ, ਫੋਕੀ ਮਸ਼ਹੂਰੀ ਕਰਦਿਆਂ ਕਰੋੜਾਂ ਰੁਪਏ ਖ਼ਰਚੇ ਹਨ।