- ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਫਰੀਦਕੋਟ ਦੇ ਗੋਲੇਵਾਲਾ ’ਚ ਬੇਅਦਬੀ ਦਾ ਵੀ ਲਿਆ ਨੋਟਿਸ
ਅੰਮ੍ਰਿਤਸਰ, 24 ਅਪ੍ਰੈਲ : ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੇਅਦਬੀ ਦੇ ਦੋਸ਼ੀ ਵਿਅਕਤੀ ਖਿਲਾਫ਼ ਕਰੜੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਬੇਹੱਦ ਸਤਿਕਾਰਤ ਹਨ, ਪਰੰਤੂ ਦੁੱਖ ਦੀ ਗੱਲ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦੋਸ਼ੀਆਂ ਖਿਲਾਫ਼ ਢਿੱਲੀ ਕਾਰਵਾਈ ਕਰਕੇ ਬੇਅਦਬੀ ਕਰਨ ਵਾਲਿਆਂ ਦੇ ਹੌਂਸਲੇ ਵੱਧ ਰਹੇ ਹਨ। ਜੇਕਰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿਸੇ ਦੀ ਅਜਿਹਾ ਘਿਨੌਣਾ ਅਪਰਾਧ ਕਰਨ ਦੀ ਹਿੰਮਤ ਨਾ ਪਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜੇਕਰ ਬੇਅਦਬੀ ਕਰਨ ਵਾਲੇ ਫੜ੍ਹੇ ਗਏ ਕਿਸੇ ਵਿਅਕਤੀ ਖਿਲਾਫ ਸੰਗਤ ਵਿਚ ਗੁੱਸਾ ਉੱਠਦਾ ਹੈ ਤਾਂ ਅਕਸਰ ਹੀ ਕਾਨੂੰਨ ਦਾ ਹਵਾਲਾ ਦੇ ਕੇ ਉਸ ਨੂੰ ਬਚਾ ਲਿਆ ਜਾਂਦਾ ਹੈ, ਜਦਕਿ ਦੂਸਰੇ ਪਾਸੇ ਪੁਲਿਸ ਵੱਲੋਂ ਢਿੱਲੀ ਕਾਰਵਾਈ ਨਾਲ ਦੋਸ਼ੀ ਕੁਝ ਚਿਰ ਮਗਰੋਂ ਬਾਹਰ ਆ ਜਾਂਦੇ ਹਨ। ਇਹ ਸਰਕਾਰਾਂ ਲਈ ਵੱਡਾ ਸਵਾਲ ਹੈ, ਜਿਸ ਤੋਂ ਉਹ ਬਚ ਨਹੀਂ ਸਕਦੀਆਂ। ਐਡਵੋਕੇਟ ਧਾਮੀ ਨੇ ਕਿਹਾ ਕਿ ਮੋਰਿੰਡਾ ਵਿਖੇ ਬੇਅਦਬੀ ਦੀ ਘਟਨਾ ਰੂਹ ਨੂੰ ਝੰਜੋੜਨ ਵਾਲੀ ਹੈ, ਜਿਸ ਦੇ ਦੋਸ਼ੀ ਨੇ ਸ਼ਰ੍ਹੇਆਮ ਆ ਕੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਹੈ। ਇਸ ਵਿਅਕਤੀ ਨੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਕਰੜੀ ਕਾਰਵਾਈ ਕਰਕੇ ਇਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਦੀ ਗੰਭੀਰ ਜਾਂਚ ਕੀਤੀ ਜਾਵੇ ਤਾਂ ਜੋ ਬੇਅਦਬੀ ਦੇ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਸਾਹਮਣੇ ਆ ਸਕਣ। ਐਡਵੋਕੇਟ ਧਾਮੀ ਨੇ ਆਖਿਆ ਕਿ ਜੇਕਰ ਸਰਕਾਰ ਅਤੇ ਪੁਲਿਸ ਨੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਠੀਕ ਨਹੀਂ ਹੋਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਫਰੀਦਕੋਟ ਦੇ ਪਿੰਡ ਗੋਲੇਵਾਲਾ ਵਿਚ ਗੁਟਕਾ ਸਾਹਿਬ ਦੇ ਪਾਵਨ ਅੰਗ ਖਿਲਾਰਨ ਦੀ ਘਟਨਾ ਦੀ ਵੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਵੀ ਸ਼ਰ੍ਹੇਆਮ ਬੇਅਦਬੀ ਕੀਤੀ ਗਈ ਹੈ, ਜਿਸ ਦੀਆਂ ਤਸਵੀਰਾਂ ਸੀਸੀਟੀਵੀ ਵਿਚ ਵੀ ਕੈਦ ਹੋਈਆਂ ਹਨ। ਉਨ੍ਹਾਂ ਕਿਹਾ ਕਿ ਦੋਸ਼ੀ ਭਾਵੇਂ ਕਿਸੇ ਵੀ ਧਰਮ ਜਾਂ ਫਿਰਕੇ ਨਾਲ ਸਬੰਧਤ ਹੋਵੇ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਮੰਗ ਕੀਤੀ ਕਿ ਫਿਰਕੂ ਮਾਹੌਲ ਪੈਦਾ ਕਰਨ ਅਤੇ ਸਿੱਖਾਂ ਦੀਆਂ ਭਾਵਨਾਵਾਂ ਦਾ ਕਤਲ ਕਰਨ ਵਾਲੇ ਲੋਕਾਂ ਤੋਂ ਸਖ਼ਤੀ ਨਾਲ ਪੁਛਗਿਛ ਕੀਤੀ ਜਾਵੇ, ਤਾਂ ਜੋ ਇਸ ਵਰਤਾਰੇ ਦੇ ਮੁੱਖ ਦੋਸ਼ੀਆਂ ਨੂੰ ਹੱਥ ਪਾਇਆ ਜਾ ਸਕੇ।