ਵਿਆਹ ਪੁਰਬ ਸਮਾਗਮ ਦੀਆਂ ਤਿਆਰੀਆਂ ਵਿੱਚ ਤੇਜ਼ੀ 

  • ਵੱਖ ਵੱਖ ਵਿਭਾਗਾਂ ਵਲੋਂ ਵਿਕਾਸ ਕਾਰਜਾਂ ਸਮੇਤ ਸਾਫ਼ ਸਫਾਈ ਨੂੰ ਬਣਾਇਆ ਜਾ ਰਿਹਾ ਹੈ ਯਕੀਨੀ

ਬਟਾਲਾ, 14 ਸਤੰਬਰ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ ਅਤੇ ਵੱਖ ਵੱਖ ਵਿਭਾਗਾਂ ਵਲੋਂ ਵਿਕਾਸ ਕੰਮ ਕੀਤੇ ਜਾ ਰਹੇ ਹਨ। ਇਸ ਸਬੰਧੀ ਗੱਲ ਕਰਦਿਆਂ ਡਾ ਸ਼ਾਇਰੀ ਭੰਡਾਰੀ, ਐਸਡੀਮ-ਕਮ-ਕਮਿਸ਼ਨਰ ਕਾਰਪੋਰੇਸ਼ਨ ਬਟਾਲਾ ਨੇ ਦੱਸਿਆ ਕਿ   ਬਟਾਲਾ ਦੇ ਵਿਧਾਇਕ ਸ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਡਾ ਹਿਮਾਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ, 22 ਸਤੰਬਰ ਨੂੰ ਮਨਾਏ ਜਾ ਰਹੇ ਵਿਆਹ ਪੁਰਬ ਸਮਾਗਮ ਦੀਆਂ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਲੋਂ ਸ਼ਹਿਰ ਅੰਦਰ ਸਾਫ-ਸਫ਼ਾਈ ਤੇ ਕੂੜੇ ਦੇ ਢੇਰਾਂ ਨੂੰ ਨਾਲ-ਨਾਲੋ ਚੁੱਕਿਆ ਜਾ ਰਿਹਾ ਹੈ। ਸਟਰੀਟ ਲਾਈਟਾਂ ਨਾਲ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਚਾਰ ਚੰਨ ਲਾਉਣ ਲਈ ਕੰਮ ਚੱਲ ਰਿਹਾ ਹੈ। ਸਮੁੱਚੇ ਨਗਰ ਕੀਰਤਨ ਦੇ ਰੂਟ ਲਈ ਸੁਚਾਰੂ ਢੰਗ ਨਾਲ ਵੱਖ ਵੱਖ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ ਦੇਸ਼ ਵਿਦੇਸ਼ ਵਿੱਚੋਂ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਜਲੰਧਰ ਰੋਡ, ਅੰਮ੍ਰਿਤਸਰ ਰੋਡ, ਡੇਰਾ ਬਾਬਾ ਨਾਨਕ ਰੋਡ, ਕਾਹਨੂੰਵਾਨ ਰੋਡ ਸਮੇਤ ਸ਼ਹਿਰ ਵਿਚਲੀਆਂ ਸਾਰੀਆਂ ਵਾਰਡਾਂ, ਬਜਾਰਾਂ ਤੇ ਖਾਸਕਰਕੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਤੇ ਗੁਰਦੁਆਰਾ ਸ੍ਰੀ ਸਤਿਕਾਰੀਆਂ ਸਾਹਿਬ ਵਿਖੇ ਸਾਫ ਸਫਾਈ ਕੰਮ ਚੱਲ ਰਿਹਾ ਹੈ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਵਿਭਾਗ ਨਾਲ ਸਬੰਧਤ ਕੰਮ ਨਿਰਧਾਰਤ ਸਮੇਂ ਅੰਦਰ ਪੂਰਾ ਕਰ ਲੈਣ।