ਨਗਰ ਨਿਗਮ ਬਟਾਲਾ ਵਲੋਂ ‘ਮੇਰਾ ਕੂੜਾ ਮੇਰੀ ਜ਼ਿੰਮੇਵਾਰੀ’ ਤਹਿਤ ਚਲਾਈ ਜਾ ਰਹੀ ਵਿਸ਼ੇਸ ਮੁਹਿੰਮ 

  • ਕੂੜੇ ਦੀ ਸਾਂਭ ਸੰਭਾਲ ਲਈ ਸ਼ਹਿਰ ਵਾਸੀਆਂ ਤੇ ਸੰਸਥਾਵਾਂ ਨੂੰ ਪਿੱਟਸ ਬਣਾਉਣ ਦੀ ਅਪੀਲ 
  • ਡੋਰ ਟੂ ਡੋਰ ਕੂੜਾ ਇਕੱਠਾ ਕਰਨ ਤੇ ਲਿਫਟਿੰਗ ਲਈ 70 ਹੋਰ ਨਵੇਂ ਟਰਾਈ ਸਾਈਕਲ ਤੇ ਮਸ਼ੀਨਰੀ ਲਿਆਂਦੀ ਜਾਵੇਗੀ

ਬਟਾਲਾ, 31 ਮਈ : ਡਾ. ਸ਼ਾਇਰੀ ਭੰਡਾਰੀ, ਕਮਿਸ਼ਨਰ ਕਾਰਪੋਰੇਸ਼ਨ-ਕਮ-ਐਸ.ਡੀ.ਐਮ ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਪੋਰੇਸ਼ਨ ਬਟਾਲਾ ਵਲੋਂ ‘ਮੇਰਾ ਕੂੜਾ ਮੇਰੀ ਜ਼ਿੰਮੇਵਾਰੀ’ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਕੂੜੇ ਦੀ ਸਾਂਭ ਸੰਭਾਲ ਲਈ ਖਾਸ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ’ਤੇ ਕੂੜੇ ਦੀ ਸੰਭਾਲ ਲਈ ਪਿੱਟਸ ਬਣਾਈਆਂ ਗਈਆਂ ਹਨ, ਜਿਸ ਵਿੱਚ ਖਾਦ ਤਿਆਰ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ 107  ਪਿੱਟਸ ਬਣੀਆਂ ਹਨ ਅਤੇ ਤਿੰਨ ਮਟੀਰੀਅਲ ਰੀਕਵਰੀ ਸੈਂਟਰ ਚੱਲ ਰਹੇ ਹਨ। ਉਨਾਂ ਸ਼ਹਿਰ ਵਾਸੀਆਂ ਤੇ ਖਾਸਕਰਕੇ ਸਕੂਲ, ਕਾਲਜ, ਹਸਪਤਾਲ, ਫੈਕਟਰੀਆਂ, ਹੋਟਲ ਅਤੇ ਵੱਡੀਆਂ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਿੱਟਸ ਬਣਾਉਣ ਵਿੱਚ ਸਹਿਯੋਗ ਕਰਨ। ਉਨਾਂ ਦੱਸਿਆ ਕਿ ਕਰੀਬ 50 ਹੋਰ ਪਿੱਟਸ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ 300 ਪਿੱਟਸ ਤਿਆਰ ਕਰਨ ਦਾ ਟੀਚਾ ਹੈ। ਉਨਾਂ ਦੱਸਿਆ ਕਿ ਚੱਲ ਰਹੀਆਂ ਪਿੱਟਸ ਤੋਂ 13 ਟਨ ਖਾਦ ਤਿਆਰ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਪਿੱਟਸ ਬਣਾਉਣ ਨਾਲ ਕੋਈ ਸਮੈੱਲ (ਬਦਬੋਅ) ਨਹੀਂ ਆਉਂਦੀ ਹੈ ਬਲਕਿ ਵੇਸਟੇਜ਼ ਤੋਂ ਖਾਦ ਤਿਆਰ ਹੁੰਦੀ ਹੈ, ਜੋ ਪੋਦਿਆਂ ਆਦਿ ਦੀ ਵਰਤੋਂ ਵਿੱਚ ਬਹੁਤ ਲਾਹਵੰਦ ਸਾਬਤ ਹੁੰਦੀ ਹੈ। ਉਨਾਂ ਅੱਗੇ ਦੱਸਿਆ ਕਿ ‘ਮੇਰਾ ਕੂੜਾ ਮੇਰੀ ਜ਼ਿੰਮੇਵਾਰੀ’ ਮੁਹਿੰਮ ਤਹਿਤ ਡੋਰ ਟੂ ਡੋਰ ਕੂੜਾ ਇਕੱਠਾ ਕੀਤਾ ਜਾਂਦਾ ਹੈ ਅਤੇ ਕੂੜੇ ਦੀ ਲਿਫਟਿੰਗ ਲਈ 70 ਟਰਾਈ ਸਾਇਕਲ ਚੱਲ ਰਹੇ ਹਨ ਅਤੇ 70 ਹੋਰ ਨਵੇਂ ਟਰਾਈ ਸਾਈਕਲ ਲਏ ਜਾਣਗੇ। ਕੂੜੇ ਦੀ ਸਾਂਭ ਸੰਭਾਲ ਲਈ 15 ਛੋਟੇ ਹਾਥੀ ਲੈਣ ਲਈ ਟੈਂਡਰ ਹੋ ਚੁੱਕਾ ਹੈ।  ਖਜੂਰੀ ਗੇਟ ਨੇੜਿਓ ਕੂੜੇ ਦੇ ਢੇਰ ਨੂੰ ਚੁਕਵਾਇਆ ਗਿਆ ਹੈ ਅਤੇ ਭੰਭਾਰੀ ਮੁਹੱਲੇ ਸ਼ੈਨੀਟੇਸ਼ਨ ਪਾਰਕ ਬਣਾਇਆ ਜਾ ਰਿਹਾ ਹੈ। ਕਮਿਸ਼ਨਰ ਕਾਰਪੋਰੇਸ਼ਨ ਨੇ ਅੱਗੇ ਕਿਹਾ ਕਿ ‘ਸਵੱਛ ਭਾਰਤ ਮਿਸ਼ਨ’ ਤਹਿਤ ਪ੍ਰਾਪਤ ਫੰਡਾਂ ਦੀ ਸੁਚਾਰੂ ਢੰਗ ਨਾਲ ਵਰਤੋਂ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬਟਾਲਾ ਸ਼ਹਿਰ ਨੂੰ ਹੋਰ ਖੂਬਸੂਰਤ ਬਣਾਇਆ ਜਾਵੇਗਾ।