ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ ਲਈ ਵੋਟਾਂ ਬਣਾਉਣ ਲਈ ਕੱਲ੍ਹ 10 ਅਤੇ 11 ਅਗਸਤ ਨੂੰ ਬੂਥ ਲੈਵਲ ’ਤੇ ਵਿਸ਼ੇਸ਼ ਕੈਂਪ ਲੱਗਣਗੇ

  • ਹੁਣ 16 ਸਤੰਬਰ 2024 ਤੱਕ ਬਣਾਈਆਂ ਜਾ ਸਕਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਵੋਟਾਂ

ਬਟਾਲਾ, 9 ਅਗਸਤ 2024 : ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜਾਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ ਲਈ ਵੋਟਰ ਸੂਚੀ ਦੀ ਤਿਆਰੀ ਦਾ ਸੋਧਿਆ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਸੋਧੇ ਰਿਵਾਈਜਡ ਸ਼ਡਿਊਲ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਚੋਣਾਂ ਲਈ ਵੋਟਾਂ ਬਣਵਾਉਣ ਲਈ ਫਾਰਮ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ ਵਿੱਚ ਵਾਧਾ ਕਰਕੇ 16 ਸਤੰਬਰ 2024 ਤੱਕ ਕਰ ਦਿੱਤੀ ਗਈ ਹੈ। ਰਿਵਾਈਜ਼ਡ ਸ਼ਡਿਊਲ ਅਨੁਸਾਰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ 9 ਅਕਤੂਬਰ 2024 ਨੂੰ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸ਼ਾਇਰੀ ਭੰਡਾਰੀ, ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ ਲਈ ਵੋਟਰ ਸੂਚੀਆਂ ਤਿਆਰ ਲਈ ਚੱਲ ਰਹੀ ਮੁਹਿੰਮ ਵਿੱਚ ਤੇਜ਼ੀ ਲਿਆਉਣ ਅਤੇ ਸਾਰੇ ਯੋਗ ਵੋਟਰਾਂ ਦੀ ਵੋਟ ਤਹਿ ਸਮੇਂ ਅੰਦਰ ਵੋਟਰ ਸੂਚੀ ਵਿੱਚ ਸ਼ਾਮਲ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ 10 ਅਗਸਤ ਦਿਨ ਸ਼ਨੀਵਾਰ ਅਤੇ 11 ਅਗਸਤ ਦਿਨ ਐਤਵਾਰ ਨੂੰ ਬੂਥ ਲੈਵਲ ’ਤੇ ਵਿਸ਼ੇਸ਼ ਕੈਂਪ ਲਗਾਉਣ ਦੇ ਨਾਲ ਬੀ.ਐੱਲ.ਓਜ ਵੱਲੋਂ ਯੋਗ ਵੋਟਰਾਂ ਦੇ ਘਰ-ਘਰ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ ਲਈ ਵੋਟਾਂ ਬਣਾਈਆਂ ਜਾਣਗੀਆਂ। ਐਸ.ਡੀ.ਐਮ ਨੇ ਅੱਗੇ ਦੱਸਿਆ ਜਿਹੜੇ ਬਿਨੈਕਾਰ ਸਿੱਖ ਗੁਰਦੁਆਰਾ ਬੋਰਡ ਰੂਲਜ਼ 1959 ਦੇ ਰੂਲ ਨੰਬਰ 3 ਅਧੀਨ ਸਾਰੀ ਸ਼ਰਤਾਂ ਪੂਰੀਆਂ ਕਰਦੇ ਹਨ, ਉਹ ਵਿਅਕਤੀ ਹੀ ਫਾਰਮ ਨੰਬਰ 1 ਭਰਕੇ 16 ਸਤੰਬਰ 2024 ਤੱਕ ਦੇ ਸਕਦੇ ਹਨ । ਮੁੱਢਲੀ ਪ੍ਰਕਾਸ਼ਿਤ ਵੋਟਰ ਸੂਚੀ ਤੇ ਦਾਅਵੇ ਅਤੇ ਇਤਰਾਜ਼ 29 ਅਕਤੂਬਰ 2024 ਤੱਕ ਪ੍ਰਾਪਤ ਕੀਤੇ ਜਾਣਗੇ ਇਸ ਉਪਰੰਤ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ 26 ਨਵੰਬਰ 2024 ਨੂੰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰੇਕ 21 ਸਾਲ ਤੋਂ ਵੱਧ ਉਮਰ ਦਾ ਯੋਗ ਵੋਟਰ ਗੁਰਦੁਆਰਾ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਫਾਰਮ ਨੰ.1 (ਕੇਸਾਧਾਰੀ ਸਿੱਖ ਲਈ) ਭਰ ਕੇ ਪਿੰਡਾਂ/ਸ਼ਹਿਰਾਂ ਵਿੱਚ ਪਟਵਾਰੀਆਂ, ਬੀ.ਐੱਲ.ਓ, ਡੈਜ਼ੀਗਨੇਟਿਡ ਕਰਮਚਾਰੀਆਂ ਨੂੰ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਵੋਟ ਬਣਾਉਣ ਵਾਲੇ ਵਿਅਕਤੀ ਦੀ ਆਸਥਾ ਸਿੱਖ ਧਰਮ ਵਿੱਚ ਹੋਣੀ ਚਾਹੀਦੀ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਹੀ ਵੋਟ ਬਣਾ ਸਕਦਾ ਹੈ। ਉਨ੍ਹਾਂ ਕੇਸਾਧਾਰੀ ਸਿੱਖ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਫਾਰਮ ਫ਼ਰਮ ਸਮੇਂ ਕੁਝ ਜ਼ਰੂਰੀ ਹਦਾਇਤਾਂ ਦਾ ਖ਼ਾਸ ਧਿਆਨ ਰੱਖਣ ਨੂੰ ਯਕੀਨੀ ਬਣਾਉਣ । ਉਨ੍ਹਾਂ ਅੱਗੇ ਦੱਸਿਆ ਕਿ ਫਾਰਮਾਂ ਦੇ ਨਾਲ ਇੱਕ ਪਾਸਪੋਰਟ ਸਾਈਜ਼ ਫ਼ੋਟੋ ਦੇ ਨਾਲ ਰਿਹਾਇਸ਼ ਦੇ ਸਬੂਤ ਵਜੋਂ ਆਧਾਰ ਕਾਰਡ, ਈ.ਸੀ.ਆਈ. ਵੱਲੋਂ ਜਾਰੀ ਵੋਟਰ ਆਈ.ਡੀ. ਕਾਰਡ (ਫ਼ੋਟੋ ਵਾਲਾ), ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੰਸ, ਕਰਮਚਾਰੀਆਂ ਨੂੰ ਜਾਰੀ ਸਰਵਿਸ ਆਈ.ਡੀ. ਕਾਰਡ ਫ਼ੋਟੋ ਸਮੇਤ ਜਿਸ ਨੂੰ ਕੇਂਦਰ/ਰਾਜ ਸਰਕਾਰ/ਪੀ.ਐੱਸ.ਯੂ/ਪਬਲਿਕ ਲਿਮਟਿਡ ਕੰਪਨੀ ਵੱਲੋਂ ਜਾਰੀ ਕੀਤਾ ਹੋਵੇ, ਬੈਂਕ/ਡਾਕਖ਼ਾਨੇ ਵੱਲੋਂ ਜਾਰੀ ਪਾਸ-ਬੁੱਕ ਫ਼ੋਟੋ ਸਮੇਤ, ਪੈਨ ਕਾਰਡ, ਐਨ.ਪੀ.ਆਰ. ਅਧੀਨ ਆਰ.ਜੀ.ਆਈ. ਵੱਲੋਂ ਜਾਰੀ  ਸਮਾਰਟ ਕਾਰਡ, ਮਨਰੇਗਾ ਜਾਬ ਕਾਰਡ, ਮਿਨਿਸਟਰੀ ਆਫ਼ ਲੇਬਰ ਵੱਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਸਰਕਾਰੀ ਪੈਨਸ਼ਨ ਦਸਤਾਵੇਜ਼ ਸਮੇਤ ਫ਼ੋਟੋ, ਐਮ.ਪੀਜ਼, ਐਮ.ਐਨ.ਏਜ਼ ਅਤੇ ਐਮ.ਐਨ.ਸੀਜ਼ ਨੂੰ ਜਾਰੀ ਦਫ਼ਤਰੀ ਸ਼ਨਾਖ਼ਤੀ ਕਾਰਡ ਵਿੱਚੋਂ ਕੋਈ ਵੀ ਇੱਕ ਦਸਤਾਵੇਜ਼ ਨਾਲ ਨੱਥੀ ਕਰਨਾ ਲਾਜ਼ਮੀ ਹੈ।