ਗੁਰਦਾਸਪੁਰ, 27 ਦਸੰਬਰ : ਕੰਮ-ਕਾਜ ਵਾਲੀ ਥਾਂ ’ਤੇ ਔਰਤਾਂ ਦਾ ਜਿਨਸੀ ਸ਼ੋਸ਼ਣ (ਮਨਾਹੀ, ਰੋਕਥਾਮ ਅਤੇ ਨਿਵਾਰਨ) ਐਕਟ-2013 ਦੀ ਜਾਗਰੂਕਤਾ ਸਬੰਧੀ ਇਕ ਜਾਗਰੂਕਤਾ ਸੈਮੀਨਾਰ ਸਥਾਨਕ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਗਰਲਜ਼ ਵਿਖੇ ਕਰਵਾਇਆ ਗਿਆ, ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ਼ਿਰਕਤ ਕੀਤੀ ਗਈ। ਬਾਲ ਵਿਕਾਸ ਪ੍ਰੋਜੈਕਟ ਅਫਸਰ ਦੋਰਾਂਗਲਾ ਸ੍ਰੀ ਬਿਕਰਮਜੀਤ ਸਿੰਘ ਵੱਲੋਂ ‘ਦੀ ਸੈਕਸੂਅਲ ਹਰਾਸਮੈਂਟ ਆਫ਼ ਵੂਮੈਨ ਐਟ ਵਰਕ ਪਲੇਸ (ਮਨਾਹੀ, ਰੋਕਥਾਮ ਅਤੇ ਨਿਵਾਰਨ) ਐਕਟ-2013 ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਐਕਟ ਅਨੁਸਾਰ ਹਰੇਕ ਦਫਤਰ, ਸੰਸਥਾ, ਸਕੂਲ, ਕਾਲਜ ਪ੍ਰਾਈਵੇਟ ਅਦਾਰੇ, ਸਹਿਕਾਰੀ ਸਰਕਾਰੀ ਅਦਾਰੇ, ਸਪੋਰਟਸ ਕੰਮਪਲੈਕਸ, ਜਿਮ, ਬੈਂਕ, ਹਸਪਤਾਲ, ਮਾਲ ਇੱਥੋਂ ਤੱਕ ਕਿ ਘਰਾਂ ਵਿੱਚ ਘਰੇਲੂ ਕੰਮ-ਕਾਜ ਕਰਨ ਲਈ ਰੱਖੇ ਗਏ ਸਹਿਕਰਮੀ ਵੀ ਇਸ ਐਕਟ ਦੇ ਦਾਇਰੇ ਵਿੱਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਕੰਮ-ਕਾਜ ਵਾਲੀ ਜਗ੍ਹਾ ’ਤੇ ਕਿਸੇ ਵੀ ਔਰਤ ਨਾਲ ਜਿਨਸੀ ਛੇੜਛਾੜ ਹੁੰਦੀ ਹੈ ਅਤੇ ਉਸ ਸ਼ਿਕਾਇਤ ਦੇ ਨਿਵਾਰਨ ਲਈ ਹਰੇਕ ਸੰਸਥਾ ਚਾਹੇ ਉਹ ਕਿਸੇ ਵੀ ਪੱਧਰ ’ਤੇ ਹੋਵੇ, ਜੇਕਰ ਉੱਥੇ ਕੰਮ ਕਰਨ ਵਾਲੇ ਕਰਮਚਾਰੀਆਂ/ ਸਟਾਫ਼ ਦੀ ਗਿਣਤੀ ਦਸ ਜਾਂ 10 ਤੋਂ ਵੱਧ ਹੈ, ਤਾਂ ਉੱਥੇ ਅੰਦਰੂਨੀ ਸ਼ਿਕਾਇਤ ਕਮੇਟੀ ਦਾ ਗਠਨ ਕਰਨਾ ਲਾਜ਼ਮੀ ਹੈ। ਜੇਕਰ ਕੰਮ-ਕਾਜ ਵਾਲੀ ਜਗ੍ਹਾ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ/ਅਧਿਕਾਰੀਆਂ/ਘਰੇਲੂ ਕੰਮ ਕਰਨ ਵਾਲੀ ਔਰਤਾਂ ਦੀ ਗਿਣਤੀ 10 ਤੋਂ ਘੱਟ ਹੈ, ਤਾਂ ਉੱਥੇ ਜ਼ਿਲ੍ਹਾ ਪੱਧਰ ’ਤੇ ਬਣਾਈ ਗਈ ਲੋਕਲ ਸ਼ਿਕਾਇਤ ਕਮੇਟੀ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੂੰ ਐਕਟ ਦੇ ਤਹਿਤ ਜ਼ਿਲ੍ਹਾ ਅਫ਼ਸਰ ਨਾਮਜ਼ਦ ਕੀਤਾ ਗਿਆ ਹੈ ਅਤੇ ਕੋਈ ਵੀ ਪੀੜਿਤ ਮਹਿਲਾ ਨਾਲ ਜੇਕਰ ਕੰਮ-ਕਾਜ ਵਾਲੀ ਜਗ੍ਹਾ ’ਤੇ ਕੋਈ ਜਿਨਸੀ ਛੇੜਛਾੜ ਹੁੰਦੀ ਹੈ, ਤਾਂ ਉਹ ਆਪਣੀ ਸ਼ਿਕਾਇਤ ਜ਼ਿ਼ਲਾ ਪੱਧਰ ਤੇ ਸਿੱਧੇ ਤੌਰ ’ਤੇ ਹੀ ਜ਼ਿਲ੍ਹਾ ਅਫਸਰ ਨੂੰ ਐਕਟ ਦੇ ਮੁਤਾਬਕ ਦਰਜ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਐਕਟ ਦੇ ਤਹਿਤ ਹਰ ਇੱਕ ਦਫ਼ਤਰ/ਬੋਰਡ/ਕਾਰਪੋਰੇਸ਼ਨ ਚਾਹੇ ਉਹ ਪ੍ਰਾਈਵੇਟ ਜਾਂ ਸਰਕਾਰੀ ਜਿੱਥੇ ਕੋਈ ਵੀ ਵਿਅਕਤੀ ਕੰਮ ਕਾਜ ਕਰਦਾ ਹੈ ਅਤੇ ਆਪਣੀ ਉਪਜੀਵਿਕਾ ਕਮਾਉਂਦਾ ਹੈ ਉਹ ਇਸ ਐਕਟ ਦੇ ਦਾਇਰੇ ਵਿੱਚ ਆਉਂਦਾ ਹੈ ਅਤੇ ਇਹਨਾਂ ਸਾਰੀਆਂ ਸੰਸਥਾਵਾਂ ਨੂੰ ਇਸ ਐਕਟ ਦੇ ਤਹਿਤ ਅੰਦਰੂਨੀ ਸ਼ਿਕਾਇਤ ਕਮੇਟੀ ਬਣਾ ਕੇ ਉਸਦੇ ਬੋਰਡ ਆਪਣੇ ਦਫ਼ਤਰ/ਸੰਸਥਾ ਉਹ (ਪ੍ਰਾਈਵੇਟ ਜਾਂ ਸਰਕਾਰੀ) ਵਿਖੇ ਲਗਾਉਣੇ ਲਾਜ਼ਮੀ ਹਨ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋਂ ਆਏ ਐਡਵੋਕੇਟ ਮਿਸ ਰੂਫਸਾ ਸੱਭਰਵਾਲ ਵੱਲੋਂ ਘਰੇਲੂ ਐਕਟ 2005 ਦੀਆਂ ਵੱਖ-ਵੱਖ ਧਾਰਵਾਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਅਤੇ ਸਖੀ ਵਨ ਸਟਾਪ ਸੈਂਟਰ ਗੁਰਦਾਸਪੁਰ ਤੋਂ ਆਏ ਐਡਵੋਕੇਟ ਸ੍ਰੀਮਤੀ ਦਿਕਸ਼ਾ ਮਹਾਜਨ ਪੈਰਾ ਲੀਗਲ ਪਰਸੋਨਲ ਸਖੀ ਵਨ ਸਟਾਪ ਸੈਂਟਰ ਜੋ ਕਿ ਇਸ ਵਕਤ ਸਿਵਲ ਹਸਪਤਾਲ ਜੀਵਨਵਾਲ ਬੱਬਰੀ ਗੁਰਦਾਸਪੁਰ ਵਿਖੇ ਔਰਤਾਂ/ਮਹਿਲਾਵਾਂ ਨੂੰ ਔਖੇ ਸਮੇਂ ਵਿੱਚ ਡਾਕਟਰੀ ਸਹਾਇਤਾ/ਲੀਗਲ ਸਹਾਇਤਾ/ਮਨੋਵਿਗਿਆਨਿਕ ਸਹਾਇਤਾ/ਅਸਥਾਈ ਰੂਪ ਵਿੱਚ ਸੈਲਟਰ ਦੇਣ ਦੀਆਂ ਸੇਵਾਵਾਂ ਦੇਣ ਸਬੰਧੀ ਵਿਸਥਾਰ ਬਾਰੇ ਦੱਸਿਆ ਗਿਆ।