ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ, ਨੂੰ ਤਗੜਾ ਕਰਨ ਲਈ ਇਕੱਠੇ ਹੋਣਾ ਪਵੇਗਾ : ਮਜੀਠੀਆ

ਅੰਮ੍ਰਿਤਸਰ, 5 ਜੁਲਾਈ 2024 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ। ਇਸ ਮੌਕੇ ਉਹਨਾਂ ਨੇ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਅੰਦਰ ਇੰਨਾਂ ਮਾੜਾ ਹਾਲ ਹੈ ਕਿ ਉਹਨਾਂ ਦੇ ਆਪਣੇ ਆਗੂ ਅਸ਼ਲੀਲ ਵੀਡੀਓ ਮਾਮਲੇ 'ਚ ਫਸੇ ਹੋਏ ਹਨ। ਪ੍ਰਚਾਰ ਕਰਨ ਲਈ ਕੁਝ ਹੋਰ ਨਹੀਂ ਮਿਲ ਰਿਹਾ ਇਸ ਲਈ ਇਕ ਦੂਜੇ ਨੂੰ ਧਮਕੀਆਂ ਦੇ ਰਹੇ ਹਨ। ਨਾਲ ਹੀ ਉਹਨਾਂ ਕਿਹਾ ਕਿ ਜਲੰਧਰ ਤੋਂ ਸ਼ੀਤਲ ਅੰਗੁਰਾਲ ਨੂੰ ਅੱਜ ਧਮਕੀਆਂ ਦੇ ਰਹੇ ਹਨ ਪਰ ਇਹੀ ਮੁਖ ਮੰਤਰੀ ਕੁਝ ਮਹੀਨੇ ਪਹਿਲਾਂ ਅੰਗੂਰਾਲ ਦੀ ਪਿੱਠ 'ਤੇ ਥਾਪੀਆਂ ਮਾਰ ਕੇ ਹਲਾਸ਼ੇਰੀ ਦਿੰਦੇ ਸਨ, ਪਰ ਅੱਜ ਉਸ ਨੂੰ ਧਮਕੀਆਂ ਦੇ ਰਹੇ ਹਨ ਕਿ ਸਾਰੇ ਕੱਚੇ ਚਿੱਠੇ ਖੋਲਾਂਗਾ। ਇਸ ਦਾ ਮਤਲਬ ਇਹ ਹੈ ਕਿ ਜਦੋਂ ਤੱਕ ਕੋਈ ਵਿਅਕਤੀ ਪਾਰਟੀ ਨਾਲ ਜੁੜਿਆ ਹੈ ਤਾਂ ਉਸ ਨੂੰ ਹਰ ਪਾਸੇ ਸਾਥ ਦਿੱਤਾ ਜਾਂਦਾ ਹੈ ਭ੍ਰਿਸ਼ਟਾਚਾਰ ਅਤੇ ਅਪਰਾਧ ਵਿੱਚ ਵੀ। ਪਰ ਜਦੋਂ ਹੀ ਪਾਰਟੀ ਤੋਂ ਬਗਾਵਤ ਕਰਦਾ ਹੈ ਤਾਂ ਉਸ ਉੱਤੇ ਪਰਚੇ ਦਰਜ ਕਰਦੇ ਹਨ। ਉਥੇ ਹੀ ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਪਾਰਟੀ ਦੀਆਂ ਮੀਟਿੰਗਾਂ ਵਿਚੋਂ ਗੈਰ ਹਾਜ਼ਰੀ ਨੂੰ ਲੈ ਕੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦਾ ਪਹਿਲਾ ਬਿਆਨ ਦਿੱਤਾ। ਮਜੀਠੀਆ ਨੇ ਆਖਿਆ ਹੈ ਕਿ ਉਹ ਮੌਕਾਪ੍ਰਸਤ ਜਾਂ ਦਲਬਦਲੂ ਲੀਡਰਾਂ ਵਿਚੋਂ ਨਹੀਂ ਹਨ ਸਗੋਂ ਪਾਰਟੀ ਦੇ ਵਫ਼ਾਦਾਰ ਵਰਕਰ ਹਨ। ਉਨ੍ਹਾਂ ਕਿਹਾ ਕਿ ਡਰਾਮੇਬਾਜ਼ੀ ਛੱਡ ਕੇ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ। ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ। ਜਿਵੇਂ ਹੋਰ ਸੂਬਿਆਂ ਦੀਆਂ ਖੇਤਰੀ ਪਾਰਟੀਆਂ ਤਗੜੀਆਂ ਹੋ ਰਹੀਆਂ, ਉਸੇ ਤਰ੍ਹਾਂ ਸਾਨੂੰ ਵੀ ਪਾਰਟੀ ਲਈ ਕੰਮ ਕਰਨਾ ਪਵੇਗਾ। ਪਾਰਟੀ ਨੂੰ ਤਗੜਾ ਕਰਨ ਲਈ ਇਕੱਠੇ ਹੋਣਾ ਪਵੇਗਾ। ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਪਾਰਟੀ ਵਿਚ ਦੋ ਧੜੇ ਨਹੀਂ ਹਨ, 80-90 ਫੀਸਦੀ ਅਕਾਲੀ ਦਲ ਇਕੱਠਾ ਹੈ। ਜਿਹੜੇ ਵਿਰੋਧ ਕਰ ਰਹੇ ਉਹ ਵੀ ਸਾਡੇ ਹੀ ਹਨ, ਅਸੀਂ ਇਕੱਠਿਆਂ ਕੰਮ ਕੀਤਾ ਹੈ। ਮੇਰੀ ਉਨ੍ਹਾਂ ਨੂੰ ਵੀ ਅਪੀਲ ਹੈ ਕਿ ਵਿਰੋਧੀਆਂ ਦੀ ਸਾਜ਼ਿਸ਼ਾਂ ਦਾ ਹਿੱਸਾ ਨਾ ਬਣੋ, ਉਹਨਾਂ ਕਿਹਾ ਕਿ ਇਸ ਮੌਕੇ ਉਹਨਾਂ ਕਿਹਾ ਕਿ ਇਕੱਠੇ ਹੋਈਏ ਅਤੇ ਪਾਰਟੀ ਨੂੰ ਤਗੜਾ ਕਰਨ ਲਈ ਕੰਮ ਕਰੀਏ। ਇਸ ਦੇ ਨਾਲ ਹੀ ਕਿਸਾਨੀ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੁੱਝ ਪਾਰਟੀਆਂ ਕੋਝੀਆਂ ਚਾਲਾਂ ਚੱਲ ਕੇ ਲੋਕਾਂ ਨੇ ਇਨ੍ਹਾਂ ਪਾਰੀਟਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ।