ਅੰਮ੍ਰਿਤਸਰ,7 ਜਨਵਰੀ : ਅੰਮ੍ਰਿਤਸਰ ਵਿੱਚ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀ ਦੀ ਠੰਡ ਨਾਲ ਮੌਤ ਹੋ ਗਈ। ਵਿਦਿਆਰਥੀ ਨੂੰ ਠੰਢ ਕਾਰਨ ਬੁਖਾਰ ਸੀ। ਮ੍ਰਿਤਕ ਵਿਦਿਆਰਥੀ ਪ੍ਰਦੀਪ ਸਿੰਘ ਅਜਨਾਲਾ ਦੇ ਪਿੰਡ ਵਰਿਆਣਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਪੰਜਾਬ ਵਿੱਚ ਠੰਢ ਕਾਰਨ ਕਿਸੇ ਬੱਚੇ ਦੀ ਮੌਤ ਹੋਣ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਦੂਜੇ ਪਾਸੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਰਦੀਆਂ ਕਾਰਨ ਛੁੱਟੀਆਂ ਵਧਾਉਣ ਤੋਂ ਅਸਮਰੱਥਾ ਪ੍ਰਗਟਾਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅਜਨਾਲਾ ਦੇ ਕਰੀਬ 7 ਸਾਲਾ ਪ੍ਰਦੀਪ ਕੁਮਾਰ ਨੂੰ 31 ਦਸੰਬਰ ਨੂੰ ਬੁਖਾਰ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਅਜਨਾਲਾ ਹਸਪਤਾਲ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਅੰਮ੍ਰਿਤਸਰ ‘ਚ ਡਾਕਟਰ ਨੇ ਦੱਸਿਆ ਕਿ ਬੁਖਾਰ ਕਾਰਨ ਬੱਚੇ ਦੇ ਦਿਮਾਗ ‘ਚ ਸੋਜ ਹੈ। ਤਿੰਨ ਦਿਨ ਵੱਖ-ਵੱਖ ਹਸਪਤਾਲਾਂ ਵਿੱਚ ਭਟਕਣ ਤੋਂ ਬਾਅਦ ਪਰਿਵਾਰ ਵਾਲੇ ਬੱਚੇ ਨੂੰ ਘਰ ਵਾਪਸ ਲੈ ਆਏ। ਇਸ ਦੌਰਾਨ ਬੱਚੇ ਦੀ ਮੌਤ ਹੋ ਗਈ। ਮਰਨ ਵਾਲਾ ਪ੍ਰਦੀਪ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਪੱਸ਼ਟ ਕੀਤਾ ਸੀ ਕਿ ਸਰਦੀਆਂ ਦੇ ਬਾਵਜੂਦ ਸਕੂਲਾਂ ਵਿੱਚ ਹੋਰ ਛੁੱਟੀਆਂ ਨਹੀਂ ਹੋਣਗੀਆਂ। ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਵੀ ਮਹਿਸੂਸ ਕਰ ਰਹੇ ਹਨ ਕਿ ਠੰਢ ਬਹੁਤ ਹੈ ਪਰ ਅਕਾਦਮਿਕ ਕੈਲੰਡਰ ਮੁਤਾਬਕ ਹੁਣ ਛੁੱਟੀਆਂ ਨਹੀਂ ਲਈਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਹਰ ਸਾਲ 230 ਦਿਨ ਸਕੂਲ ਜਾਣਾ ਪੈਂਦਾ ਹੈ ਪਰ ਹੜ੍ਹਾਂ ਕਾਰਨ ਇਸ ਸੈਸ਼ਨ ਦੀਆਂ ਪਹਿਲਾਂ ਹੀ ਕਈ ਛੁੱਟੀਆਂ ਹੋ ਚੁੱਕੀਆਂ ਹਨ, ਜਿਸ ਕਾਰਨ ਫਿਲਹਾਲ ਛੁੱਟੀਆਂ ਲੈਣਾ ਸੰਭਵ ਨਹੀਂ ਹੈ। ਬੈਂਸ ਨੇ ਕਿਹਾ ਕਿ ਇਸ ਸਾਲ ਲੋਕ ਸਭਾ ਚੋਣਾਂ ਹੋਣੀਆਂ ਹਨ, ਜਿਸ ਕਾਰਨ ਬੋਰਡ ਦੀਆਂ ਪ੍ਰੀਖਿਆਵਾਂ ਵੀ ਫਰਵਰੀ ‘ਚ ਸ਼ੁਰੂ ਹੋ ਰਹੀਆਂ ਹਨ। ਇਸ ਲਈ ਵਿਦਿਆਰਥੀਆਂ ਕੋਲ ਸਕੂਲਾਂ ਵਿੱਚ ਆ ਕੇ ਰਿਵੀਜ਼ਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ।