ਡਿਪਟੀ ਕਮਿਸ਼ਨਰ ਵੱਲੋਂ ਸਬ-ਤਹਿਸੀਲ ਚੋਹਲਾ ਸਾਹਿਬ ਅਤੇ ਤਹਿਸੀਲ ਤਰਨ ਤਾਰਨ ਨਾਲ ਸਬੰਧਿਤ ਮਾਲ ਵਿਭਾਗ ਦੇ ਲੰਬਿਤ ਪਏ ਕੰਮਾਂ ਦਾ ਜਾਇਜ਼ਾ

  • ਲੰਬਿਤ ਪਈਆ ਜਮ੍ਹਾਂਬੰਦੀਆਂ ਨੂੰ ਕੰਨਜ਼ਾਇਨ, ਲਾਈਵ ਕਰਨ ਅਤੇ ਪੈਡਿੰਗ ਪਏ ਇੰਤਕਾਲਾਂ ਦੇ ਨਿਪਟਾਰੇ ਲਈ ਸਬੰਧਿਤ ਅਧਿਕਾਰੀਆਂ ਨੂੰ ਦਿੱਤੇ ਆਦੇਸ਼

ਤਰਨ ਤਾਰਨ, 01 ਜੁਲਾਈ 2024 : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਹੋਈ ਮੀਟਿੰਗ ਦੌਰਾਨ ਸਬ-ਤਹਿਸੀਲ ਚੋਹਲਾ ਸਾਹਿਬ ਅਤੇ ਤਹਿਸੀਲ ਤਰਨ ਤਾਰਨ ਦੇ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਕਾਨੂੰਨਗੋ ਤੇ ਪਟਵਾਰੀਆਂ ਨਾਲ ਸਬੰਧਿਤ ਮਾਲ ਵਿਭਾਗ ਦੇ ਲੰਬਿਤ ਪਏ ਕੰਮਾਂ ਦਾ ਜਾਇਜ਼ਾ ਲਿਆ ਗਿਆ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਨਵਕੀਰਤ ਸਿੰਘ, ਨਾਇਬ ਤਹਿਸੀਲਦਾਰ ਚੋਹਲਾ ਸਾਹਿਬ, ਨਾਇਬ ਤਹਿਸੀਲਦਾਰ ਤਰਨ ਤਾਰਨ, ਜ਼ਿਲ੍ਹਾ ਸਿਸਟਮ ਮੈਨੇਜਰ ਰਮਨ ਮਲਹੋਤਰਾ ਤੇ ਸਦਰ ਕਾਨੂੰਨਗੋ ਸ੍ਰੀ ਰਮਨ ਕੁਮਾਰ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਲੰਮੇ ਸਮੇਂ ਤੋਂ ਲੰਬਿਤ ਪਈਆ ਜਮ੍ਹਾਂਬੰਦੀਆਂ ਨੂੰ ਕੰਨਜ਼ਾਇਨ, ਲਾਈਵ ਕਰਨ ਦੇ ਨਿਰਦੇਸ਼ ਵੀ ਦਿੱਤੇ ਅਤੇ ਪੈਡਿੰਗ ਪਏ ਇੰਤਕਾਲਾਂ ਦੇ ਨਿਪਟਾਰੇ ਲਈ ਸਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ।ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਮੁਸਾਵੀਆ ਦੀ ਡਿਜ਼ੀਟਲ ਕੰਮਾਂ ਵਿੱਚ ਤੇਜ਼ੀ ਲਿਆਦੀ ਜਾਵੇ ਅਤੇ ਰੈਵੀਨਿਊ ਰਿਕਾਰਡ ਵਿੱਚੋਂ ਟੈਕਸ ਐਂਟਰੀ ਨੂੰ ਖਤਮ ਕੀਤਾ ਜਾਵੇ ਤਾਂ ਜੋ ਪਬਲਿਕ ਨੂੰ ਵਧੀਆ ਸੇਵਾਵਾਂ ਦਿੱਤੀਆ ਜਾ ਸਕਣ । ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ “ਮੇਰਾ ਘਰ, ਮੇਰੇ ਨਾਮ” ਸਕੀਮ ਅਧੀਨ ਗਰਾਊਂਡ ਟਰੁਥਿੰਗ ਸਰਵੈ ਦੀ ਪ੍ਰਗਤੀ ਨੂੰ ਵਾਚਿਆ ਗਿਆ।ਉਹਨਾਂ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨੋਟੀਫਾਈ ਪਿੰਡਾਂ ਵਿਚ ਕੰਮ ਨੂੰ ਸੁਚੱਜੇ ਢੰਗ ਨਾਲ ਜਲਦ ਮੁਕੰਮਲ ਕਰਨ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਚਲਾਈ ਜਾ ਰਹੀ “ਮੇਰਾ ਘਰ, ਮੇਰੇ ਨਾਮ” ਸਕੀਮ ਯੋਜਨਾਬੰਦੀ ਅਤੇ ਮਾਲੀਆ ਉਗਰਾਹੀ ਨੂੰ ਸੁਚਾਰੂ ਬਣਾਉਣ ਵਿਚ ਸਹਾਈ ਸਾਬਤ ਹੋਵੇਗੀ, ਇਸੇ ਤਰ੍ਹਾਂ ਇਹ ਪੇਂਡੂ ਹਲਕਿਆਂ ਵਿਚ ਜਾਇਦਾਦ ਦੇ ਅਧਿਕਾਰਾਂ ਬਾਰੇ ਸਪੱਸ਼ਟਤਾ ਨੂੰ ਯਕੀਨੀ ਬਣਾਏਗੀ, ਜਿਸ ਨਾਲ ਜਾਇਦਾਦ ਸਬੰਧੀ ਵਿਵਾਦ ਨੂੰ ਸੁਲਝਾਉਣ ਵਿੱਚ ਮੱਦਦ ਮਿਲੇਗੀ। ਉਹਨਾਂ ਕਿਹਾ ਕਿ “ਮੇਰਾ ਘਰ, ਮੇਰੇ ਨਾਮ” ਸਕੀਮ ਤਹਿਤ ਲਾਲ ਲਕੀਰ ਅੰਦਰ ਆਉਂਦੀ ਜਾਇਦਾਦ ਦੇ ਮਾਲਕ ਕਾਨੂੰਨੀ ਤੌਰ ‘ਤੇ ਆਪਣੀ ਜਾਇਦਾਦ ਦੇ ਦਸਤਾਵੇਜ਼ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ, ਜਿਸ ਨਾਲ ਉਨ੍ਹਾਂ ਨੂੰ ਆਪਣੀ ਜਾਇਦਾਦ ਦੀ ਖਰੀਦ-ਵੇਚ ਅਤੇ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਵਿਚ ਕੋਈ ਔਕੜ ਨਹੀਂ ਆਵੇਗੀ।