ਕੈਬਿਨਟ ਮੰਤਰੀ ਈਟੀਓ ਵੱਲੋਂ ਪਿੰਡਾਂ ਵਿਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ

  • ਵਿਕਾਸ ਕਾਰਜਾਂ ਚ ਦੇਰੀ ਤੇ ਅਣਗਹਿਲੀ ਨਹੀਂ ਹੋਵੇਗੀ ਬਰਦਾਸ਼ਤ 
  • ਬਰਸਾਤ ਨਾਲ ਪ੍ਰਭਾਵਿਤ ਹੋਏ ਘਰਾਂ ਤੇ ਫਸਲਾਂ ਦਾ ਵੀ ਲਿਆ ਜਾਇਜ਼ਾ

ਜੰਡਿਆਲਾ ਗੁਰੂ, 19 ਜੁਲਾਈ  : ‘ਜੰਡਿਆਲਾ ਗੁਰੂ ਵਿਧਾਨ ਸਭਾ ਹਲਕੇ ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜ਼ਮੀਨੀ ਪੱਧਰ ਉਤੇ ਜਾਇਜ਼ਾ ਲੈਂਦੇ ਕੈਬਿਨਟ ਮੰਤਰੀ ਸ. ਹਰਭਜਨ ਸਿੰਘ ਈ ਟੀਓ ਨੇ ਸਪੱਸ਼ਟ ਕੀਤਾ ਕਿ ਕੰਮਾਂ ਵਿਚ ਦੇਰੀ ਅਤੇ ਅਣਗਹਿਲੀ ਕਿਸੇ ਵੀ ਕੀਮਤ ਅਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਚੱਲ ਰਹੇ ਵਿਕਾਸ ਕਾਰਜ ਦਾ ਕੰਮ ਕਾਗਜੀ ਨਹੀਂ ਜ਼ਮੀਨੀ ਪੱਧਰ ਤੇ ਲਾਗੂ ਕਰਨਾ ਲਾਜ਼ਮੀ ਬਣਾਇਆ ਜਾਵੇ ਅਤੇ ਹਰੇਕ ਕੰਮ  ਦੀ ਗੁਣਵੱਤਾ ਦਾ ਪੂਰਾ ਖਿਆਲ ਰੱਖਿਆ ਜਾਵੇ।  ਅੱਜ ਆਪਣੇ ਹਲਕੇ ਦੇ ਪਿੰਡ ਭੰਗਵਾ, ਰਾਪੁਰ ਖੁਰਦ, ਰਸੂਲਪੁਰ ਖੁਰਦ, ਸੰਗਰਾਵਾਂ, ਤਲਵੰਡੀ ਆਦਿ ਦਾ ਦੌਰਾ ਕਰਦੇ ਉਨਾਂ ਨੇ ਬੀਤੇ ਦਿਨ ਹੋਈ ਬਰਸਾਤ ਦਾ ਜਾਇਜ਼ਾ ਵੀ ਲਿਆ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਮੌਜੂਦਾ ਸਥਿਤੀ ਦਾ ਸਰਵੇ ਕਰਵਾ ਰਹੇ ਹਨ ਅਤੇ ਹਰੇਕ ਲੋੜਵੰਦ ਦੀ ਮਦਦ ਕੀਤੀ ਜਾਵੇਗੀ। ਇਸ ਮੌਕੇ ਸੁਖਵਿੰਦਰ ਸਿੰਘ, ਸਤਿੰਦਰ ਸਿੰਘ, ਤਰਲੋਚਨ ਸਿੰਘ, ਸੂਬੇਦਾਰ ਛਨਾਖ ਸਿੰਘ ਅਤੇ ਹੋਰ ਮੋਹਤਬਰ ਵੀ ਉਨਾਂ ਨਾਲ ਹਾਜ਼ਰ ਸਨ। ਇਸ ਦੌਰਾਨ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਪਿੰਡਾਂ ਤੇ ਕਸਬਿਆਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਨੇਪਰੇ ਚਾੜਿਆ ਜਾਵੇ। ਸ ਹਰਭਜਨ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਵਾਹਿਗੁਰੂ ਦੀ ਕਿਰਪਾ ਨਾਲ ਹੜ੍ਹਾਂ ਦਾ ਕੋਈ ਸੰਕਟ ਇਸ ਵੇਲੇ ਨਹੀਂ ਹੈ, ਪਰ ਜੇਕਰ ਕਿਧਰੇ ਕੋਈ ਸਮੱਸਿਆ ਆਉਂਦੀ ਹੈ ਤਾਂ ਸਰਕਾਰ ਤੁਹਾਡੇ ਨਾਲ ਖੜੀ ਹੈ। ਉਨਾਂ ਪੰਜਾਬ ਵਾਸੀਆਂ ਵੱਲੋਂ ਲੋੜਵੰਦ ਲੋਕਾਂ ਦੀ ਕੀਤੀ ਜਾ ਰਹੀ ਮਦਦ ਦੀ ਵੀ ਸਰਾਹਨਾ ਕੀਤੀ।