“ਦਾਰਾ ਸਿੰਘ ਛਿੰਝ ਉਲੰਪਿਕਸ” ਵਿੱਚ ਰਾਜ ਭਰ ਚੋਂ ਨਾਮਵਰ ਪਹਿਲਵਾਨ ਲੈਣਗੇ ਹਿੱਸਾ

  • ਰੁਸਤਮੇ ਪੰਜਾਬ ਟਾਈਟਲ ਲਈ ਦਿੱਤਾ ਜਾਵੇਗਾ 05 ਲੱਖ ਰੁਪਏ ਦਾ ਪਹਿਲਾ ਇਨਾਮ

ਤਰਨ ਤਾਰਨ, 28 ਨਵੰਬਰ : ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਚੋਹਲਾ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਵਿਖੇ 01, 02 ਅਤੇ 03 ਦਸੰਬਰ, 2023 ਨੂੰ ਹੋਣ ਵਾਲੀ ਰਾਜ ਪੱਧਰੀ “ਦਾਰਾ ਸਿੰਘ ਛਿੰਝ ਉਲੰਪਿਕਸ” ਲਈ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਪੂਰੇ ਜੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ ਤਾਂ ਜੋ ਇਸ ਵਿੱਚ ਭਾਗ ਲੈਣ ਵਾਲੇ ਪਹਿਲਵਾਨ ਅਤੇ ਦਰਸ਼ਕ ਇਹਨਾਂ ਕੁਸ਼ਤੀ ਮੁਕਾਬਲਿਆਂ ਦਾ ਭਰਪੂਰ ਆਨੰਦ ਮਾਣ ਸਕਣ। ਇਹ ਜਾਣਕਾਰੀ ਦਿੰੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਰਾਜ ਪੱਧਰੀ “ਦਾਰਾ ਸਿੰਘ ਛਿੰਝ ਉਲੰਪਿਕਸ” ਦੌਰਾਨ ਰਾਜ ਭਰ ਵਿੱਚੋਂ ਵੱਖ-ਵੱਖ ਭਾਰ ਵਰਗ ਦੇ ਪਹਿਲਵਾਨ ਕੁਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਮੁਕਾਬਲੇ ਮਿੱਟੀ ਦੇ ਅਖਾੜੇ ਵਿੱਚ ਕਰਵਾਏ ਜਾਣਗੇ।ਉਹਨਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੇ ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮ ਦਿੱਤੇ ਜਾਣਗੇ।ਉਹਨਾਂ ਦੱਸਿਆ ਕਿ ਇਹਨਾਂ ਕੁਸ਼ਤੀ ਮੁਕਾਬਲਿਆਂ ਵਿੱਚ ਲੜਕਿਆਂ ਦੀ ਕੈਟੇਗਰੀ ਵਿੱਚ 70 ਕਿਲੋ, 80 ਕਿਲੋਂ ਅਤੇ 80 ਕਿਲੋ ਤੋਂ ਵੱਧ ਭਾਰ ਵਰਗ ਦੇ ਪਹਿਵਾਨ ਹਿੱਸਾ ਲੈ ਸਕਣਗੇ।ਇਸ ਤੋਂ ਇਲਾਵਾ ਲੜਕੀਆਂ ਦੇ ਕੁਸ਼ਤੀ ਮੁਕਾਬਲਿਆਂ ਵਿੱਚ 60 ਕਿਲੋ ਅਤੇ 60 ਕਿਲੋ ਤੋਂ ਜ਼ਿਆਦਾ ਭਾਰ ਵਰਗ ਦੀਆਂ ਲੜਕੀਆਂ ਭਾਗ ਲੈ ਸਕਣਗੀਆਂ।ਭਾਗ ਲੈਣ ਵਾਲੇ ਖਿਡਾਰੀਆਂ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਉਹਨਾਂ ਦੱਸਿਆ ਕਿ 80 ਕਿਲੋ ਭਾਰ ਵਰਗ ਤੋਂ ਜ਼ਿਆਦਾ ਰੁਸਤਮੇ ਪੰਜਾਬ ਟਾਈਟਲ ਲਈ ਪਹਿਲਾ ਇਨਾਮ 05 ਲੱਖ ਰੁਪਏ, ਦੂਸਰਾ ਇਨਾਮ 2 ਲੱਖ ਰੁਪਏ ਅਤੇ ਤੀਜੇ ਸਥਾਨ ਲਈ ਇੱਕ ਲੱਖ ਰੁਪਏ  ਦਿੱਤੇ ਜਾਣਗੇ।ਇਸ ਤੋਂ ਇਲਾਵਾ ਬਾਕੀ ਭਾਰ ਵਰਗ, ਜਿੰਨ੍ਹਾਂ ਵਿੱਚ 70 ਕਿਲੋ ਲੜਕੇ, 80 ਕਿਲੋ ਲੜਕੇ ਅਤੇ 60 ਕਿਲੋ ਤੇ 60 ਕਿਲੋ ਤੋਂ ਜ਼ਿਆਦਾ ਭਾਰ ਵਰਗ ਲੜਕੀਆਂ ਸ਼ਾਮਿਲ ਹਨ, ਲਈ ਪਹਿਲਾ ਇਨਾਮ 51 ਹਜ਼ਾਰ ਰੁਪਏ ਦੂਜਾ ਇਨਾਮ 31 ਹਜ਼ਾਰ ਰੁਪਏ ਅਤੇ ਤੀਜਾ ਇਨਾਮ 21 ਹਜ਼ਾਰ ਰੁਪਏ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ “ਦਾਰਾ ਸਿੰਘ ਛਿੰਝ ਉਲੰਪਿਕਸ” ਦੇ ਸਫ਼ਲ ਆਯੋਜਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਸਬੰਧੀ ਉਚਿਤ ਪ੍ਰਬੰਧ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਇਸ ਛਿੰਝ ਮੇਲੇ ਵਿੱਚ ਭਾਗ ਲੈਣ ਵਾਲੇ ਪਹਿਲਵਾਨਾਂ ਅਤੇ ਦਰਸ਼ਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ।