ਰੈੱਡ ਕਰਾਸ ਸੋਸਾਇਟੀ ਤਰਨਤਾਰਨ ਵੱਲੋਂ ਸਵੈ ਸਹਾਇਤਾ ਸਮੂਹਾਂ ਨਾਲ ਸਬੰਧਿਤ ਗਰੀਬ ਔਰਤਾਂ ਨੂੰ ਵੰਡੀਆ ਗਈਆ 50 ਸਿਲਾਈ ਮਸ਼ੀਨਾਂ

  • ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਦੀ ਪਹਿਲਕਦਮੀਂ ਸਦਕਾ 50 ਪਰਿਵਾਰਾਂ ਦੀ ਆਮਦਨ ਵਿੱਚ ਹੋਵੇਗਾ ਵਾਧਾ

ਤਰਨ ਤਾਰਨ, 06 ਮਾਰਚ : ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਸੰਦੀਪ ਕੁਮਾਰ ਆਈ. ਏ. ਐਸ. ਦੀ ਪਹਿਲਕਦਮੀਂ ਸਦਕਾ ਅੱਜ ਰੈੱਡ ਕਰਾਸ ਸੋਸਾਇਟੀ ਤਰਨਤਾਰਨ ਵੱਲੋਂ ਸਵੈ ਸਹਾਇਤਾ ਸਮੂਹਾਂ ਨਾਲ ਸਬੰਧਿਤ ਗਰੀਬ ਔਰਤਾਂ ਨੂੰ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਸਿਮਰਨਦੀਪ ਸਿੰਘ ਅਤੇ ਕਾਰਜਕਾਰੀ ਸਕੱਤਰ ਜ਼ਿਲ੍ਹਾ ਰੈੱਡ. ਕਰਾਸ ਸੋਸਾਇਟੀ ਮੈਡਮ ਜਸਲੀਨ ਕੌਰ ਦੀ ਅਗਵਾਈ ਹੇਠ 50 ਸਿਲਾਈ ਮਸ਼ੀਨਾਂ ਵੰਡੀਆ ਗਈਆ। ਇਸ ਮੌਕੇ ਬੋਲਦਿਆਂ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਸਿਮਰਨਦੀਪ ਸਿੰਘ ਨੇ ਕਿਹਾ ਕਿ ਇਹ ਸਿਲਾਈ ਮਸ਼ੀਨਾਂ ਮਿਲਣ ਉਪਰੰਤ ਇਹ ਔਰਤਾਂ ਸਿਲਾਈ ਦਾ ਕੰਮ ਕਰਕੇ ਆਪਣੀ ਰੋਜ਼ੀ ਰੋਟੀ ਕਮਾ ਸਕਣਗੀਆਂ ਅਤੇ ਇਸ ਨਾਲ 50 ਪਰਿਵਾਰਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਅਤੇ ਉਹਨਾਂ ਦੇ ਜੀਵਨ ਪੱਧਰ ਵਿਚ ਸੁਧਾਰ ਆਵੇਗਾ।ਉਹਨਾਂ ਕਿਹਾ ਕਿ ਇਹਨਾਂ ਮਸ਼ੀਨਾਂ ਦਾ ਲਾਭ ਉਹਨਾਂ ਔਰਤਾਂ ਦੇ ਹੋਰ ਪਰਿਵਾਰਕ ਔਰਤਾਂ ਨੂੰ ਵੀ ਮਿਲੇਗਾ ਅਤੇ ਉਹ ਵੀ ਸਿਲਾਈ ਦਾ ਕੰਮ ਸਿੱਖ ਸਕਣਗੀਆਂ। ਜਿਕਰਯੋਗ ਹੈ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਜਿਲ੍ਹਾ ਤਰਨਤਾਰਨ ਵਿੱਚ “ਪਹਿਲ” ਪ੍ਰੋਜੈਕਟਸ਼ੁਰੂ ਕੀਤਾ ਗਿਆ ਹੈ।ਇਸ ਪ੍ਰੋਜੈਕਟ ਅਧੀਨ ਜਿਲ੍ਹਾ ਤਰਨਤਾਰਨ ਵਿਖੇ  ਪੀ. ਐਸ. ਆਰ. ਐਲ. ਐਮ ਅਧੀਨ ਚੱਲ ਰਹੇ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਵੱਲੋ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀਆਂ ਵਰਦੀਆਂ ਦੀ ਸਿਲਾਈ ਦਾ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਹਿਲੇ ਪੜ੍ਹਾਅ ਦੌਰਾਨ ਜਿਲ੍ਹਾ ਤਰਨਤਾਰਨ ਵੱਲੋਂ ਮਾਰਚ 2024 ਤੱਕ 10,000 ਵਰਦੀਆਂ ਦੀ ਸਿਲਾਈ ਕਰਕੇ ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਦਿੱਤੀਆ ਜਾਣੀਆ ਹਨ। ਇਸ ਪ੍ਰੋਜੈਕਟ ਅਧੀਨ ਬਲਾਕ ਵਲਟੋਹਾ ਦੀ ਏਕਤਾ ਮਹਿਲਾ ਵਿਕਾਸ ਸੁਸਾਇਟੀ ਦੀ ਚੋਣ ਕਰਕੇ ਇੱਕ ਹੌਜ਼ਰੀ ਸੈਂਟਰ ਸਥਾਪਿਤ ਕੀਤਾ ਗਿਆ ਹੈ। ਇਸ ਸੈਂਟਰ ਵਿੱਚ ਬਲਾਕ ਵਲਟੋਹਾ ਵਿੱਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਚੱਲ ਰਹੇ ਸਵੈ ਸਹਾਇਤਾ  ਸਮੂਹਾਂ ਦੇ 50 ਮੈਂਬਰਾਂ ਨੂੰ ਮੱਲ੍ਹੀਆ ਅੰਮ੍ਰਿਤਸਰ ਵਿਖੇ ਸੈਂਟਰ ਵੱਲੋ ਵਰਦੀਆਂ ਦੀ ਸਿਲਾਈ ਲਈ ਟ੍ਰੇਨਿੰਗ ਦਿੱਤੀ ਗਈ ਹੈ। ਟ੍ਰੇਨਿੰਗ ਲੈਣ ਉਪਰੰਤ  ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਦੁਆਰਾ ਸਕੂਲੀ ਵਰਦੀਆਂ ਦੀ ਸਿਲਾਈ ਦਾ ਕੰਮ ਕੀਤਾ ਜਾ ਰਿਹਾ ਹੈ।ਸਵੈ ਸਹਾਇਤਾ ਸਮੂਹਾਂ ਦੀਆਂ ਜਿਹੜੀਆਂ ਔਰਤ ਮੈਂਬਰਾਂ ਕੋਲ ਸਿਲਾਈ ਮਸ਼ੀਨਾਂ ਨਾ ਹੋਣ ਕਾਰਨ ਇਸ ਪ੍ਰੋਜੈਕਟ ਦਾ ਲਾਭ ਨਹੀ ਲੈ ਸਕਦੀਆ ਸਨ, ਹੁਣ ਉਹ ਆਪਣੀ ਰੋਜ਼ੀ ਰੋਟੀ ਕਮਾ ਸਕਣਗੀਆਂ।