ਸਫ਼ਲਤਾ ਦੀਆਂ ਸਿਖਰਾਂ ਛੂਹ ਗਿਆ ਭਾਸ਼ਾ ਦਫ਼ਤਰ ਪਠਾਨਕੋਟ ਦਾ ਪੰਜਾਬੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲਾ।

ਪਠਾਨਕੋਟ 07 ਅਗਸਤ : ਭਾਸ਼ਾ ਵਿਭਾਗ ਪੰਜਾਬ, ਪੰਜਾਬ ਸਰਕਾਰ ਦਾ ਅਜਿਹਾ ਅਦਾਰਾ ਹੈ ਜੋ ਸ਼ੁਰੂ ਤੋਂ ਭਾਸ਼ਾਵਾਂ ਦੇ ਵਿਕਾਸ, ਸਾਹਿਤ ਦੀ ਸੰਭਾਲ ਤੇ ਪ੍ਰਕਾਸ਼ਨਾਂ ਅਤੇ ਸਾਹਿਤਕਾਰਾਂ ਨੂੰ ਬਣਦਾ ਮਾਣ ਸਨਮਾਨ ਦੇ ਕੇ ਸਾਹਿਤਕ ਖੇਤਰ ਵਿੱਚ ਭਰਪੂਰ ਯੋਗਦਾਨ ਪਾਉਂਦਾ ਆ  ਰਿਹਾ ਹੈ। ਇਸ ਵੱਲੋਂ ਸਮੇਂ ਸਮੇਂ ‘ਤੇ ਵਿਦਿਆਰਥੀਆਂ ਵਿੱਚ ਸਿਰਜਣਾਤਮਿਕਤਾ ਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਅਤੇ ਸਾਹਿਤ ਤੇ ਰੰਗਮੰਚ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਂਦੇ ਹਨ। ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਪਠਾਨਕੋਟ ਵੱਲੋਂ ਵਿਦਿਆਰਥੀਆਂ ਵਿੱਚ ਰਚਨਾਤਮਿਕ ਤੇ ਸਿਰਜਣਾਤਮਿਕ ਰੁਚੀਆਂ ਪੈਦਾ ਕਰਨ ਹਿੱਤ ਭਾਸ਼ਾ ਵਿਭਾਗ ਦੀ ਨਿਰਦੇਸ਼ਨਾ ਅਤੇ ਅਗਵਾਈ ਅਧੀਨ ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲਿਆਂ ਦਾ ਆਯੋਜਨ ਸ਼ਹੀਦ ਮੱਖਣ ਸਿੰਘ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਪਠਾਨਕੋਟ ਵਿਖੇ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੁਰੇਸ਼ ਮਹਿਤਾ ਦੀ ਅਗਵਾਈ ਵਿੱਚ ਹੋਏ  ਇਹਨਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਭਰ ਦੇ ਵਿਦਿਆਰਥੀ ਬਹੁਤ ਉਮਾਹ ਤੇ ਉਤਸ਼ਾਹ ਨਾਲ ਪਹੁੰਚੇ। ਸਾਹਿਤ ਸਿਰਜਣਾ ਅਧੀਨ ਵਿਦਿਆਰਥੀਆਂ ਵੱਲੋਂ ਕਵਿਤਾ ਰਚਨਾ, ਕਹਾਣੀ ਰਚਨਾ, ਲੇਖ ਰਚਨਾ ਮੌਕੇ ‘ਤੇ ਦਿੱਤੇ ਗਏ ਵਿਸ਼ਿਆਂ ਅਧੀਨ ਕੀਤੀ ਗਈ। ਕਵਿਤਾ ਗਾਇਨ ਅਧੀਨ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਵਿਭਾਗ ਵੱਲੋਂ ਨਿਰਧਾਰਿਤ ਕਵੀਆਂ ਦੀਆਂ ਰਚਨਾਵਾਂ ਨੂੰ ਗਾ ਕੇ ਪ੍ਰਸਤੁਤ ਕੀਤਾ। ਆਏ ਹੋਏ ਸਾਹਿਤ ਪ੍ਰੇਮੀਆਂ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀਆਂ ਪ੍ਰਸਤੁਤੀਆਂ ਨੇ ਮੰਤਰਮੁਗਧ ਕਰ ਦਿੱਤਾ। ਭਾਸ਼ਾ ਦਫ਼ਤਰ ਵੱਲੋਂ ਨਿਰਣਾਇਕ ਮੰਡਲ ਵਿੱਚ ਵਿਦਵਾਨਾਂ ਦੀਆਂ ਸੇਵਾਵਾਂ ਲਈਆਂ ਗਈਆਂ ਜਿਹਨਾਂ ਵਿੱਚ ਡਾ. ਸੁਖਵਿੰਦਰ ਸਿੰਘ, ਡਾ. ਲੇਖ ਰਾਜ, ਡਾ. ਕੇਵਲ ਕ੍ਰਿਸ਼ਨ ਅਤੇ ਸ਼੍ਰੀਮਤੀ ਰਣਜੀਤ ਕੌਰ ਜੀ ਸ਼ਾਮਲ ਸਨ। ਇਹਨਾਂ ਮੁਕਾਬਲਿਆਂ ਵਿੱਚ ਕਵਿਤਾ ਗਾਇਨ ਵਿੱਚ ਪਹਿਲਾ ਸਥਾਨ ਅਰਸ਼ਪ੍ਰੀਤ ਕੌਰ, ਸਰਕਾਰੀ ਹਾਈ ਸਕੂਲ, ਨਿਚਲੀ ਬੜੋਈ, ਦੂਜਾ ਸਥਾਨ ਹਰਸ਼ਨਾ ਦੇਵੀ, ਸਰਕਾਰੀ ਸੀਨੀ. ਸੈਕੰ. ਸਕੂਲ, ਬਮਿਆਲ ਤੇ ਤੀਜਾ ਸਥਾਨ ਨੀਰਜ ਕੁਮਾਰ, ਸਰਕਾਰੀ ਹਾਈ ਸਕੂਲ, ਸ਼ਾਹਪੁਰ ਕੰਡੀ ਨੇ ਹਾਸਲ ਕੀਤਾ। ਲੇਖ ਰਚਨਾ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀ. ਸੈਕੰ. ਸਕੂਲ, ਕੀੜੀ ਖੁਰਦ, ਦੂਜਾ ਸਥਾਨ ਰੋਸ਼ਨੀ ਦੇਵੀ, ਸਰਕਾਰੀ ਸੀਨੀ. ਸੈਕੰ. ਸਕੂਲ, ਖੋਜਕੀ ਚੱਕ ਤੇ ਤੀਜਾ ਸਥਾਨ ਰਸ਼ਮੀਤ, ਸਰਕਾਰੀ ਹਾਈ ਸਕੂਲ, ਥਰਿਆਲ ਨੇ ਪ੍ਰਾਪਤ ਕੀਤਾ। ਕਹਾਣੀ ਰਚਨਾ ਵਿੱਚ ਪਹਿਲੇ ਸਥਾਨ ‘ਤੇ  ਨਵਨੀਤ ਕੌਰ, ਸਰਕਾਰੀ ਹਾਈ ਸਕੂਲ, ਸਿਹੌੜਾ ਕਲਾਂ ਦੂਜੇ ਸਥਾਨ ‘ਤੇ ਮਾਨਸੀ, ਸਰਕਾਰੀ ਸੀਨੀ. ਸੈਕੰ. ਸਕੂਲ, ਘਿਆਲਾ ਤੇ ਤੀਜੇ ਸਥਾਨ ‘ਤੇ ਜਸ਼ਨਪ੍ਰੀਤ, ਸਰਕਾਰੀ ਹਾਈ ਸਕੂਲ, ਨਿਚਲੀ ਬੜੋਈ ਰਿਹਾ। ਕਵਿਤਾ ਗਾਇਨ ਵਿੱਚ ਪਹਿਲਾ ਸਥਾਨ ਸਰੁਚੀ ਸ਼ਰਮਾ, ਆਰਮੀ ਪਬਲਿਕ ਸਕੂਲ, ਪਠਾਨਕੋਟ ਨੇ, ਦੂਜਾ ਸਥਾਨ ਆਦਿਤਯ, ਸਰਕਾਰੀ ਸੀਨੀ. ਸੈਕੰ. ਸਕੂਲ, ਦੌਲਤਪੁਰ ਤੇ ਤੀਜਾ ਸਥਾਨ ਜਸਮੀਤ ਕੌਰ, ਸਰਕਾਰੀ ਹਾਈ ਸਕੂਲ, ਨੰਗਲ ਚੌਧਰੀਆਂ ਨੇ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਮਹਿਤਾ ਨੇ ਵਿਦਿਆਰਥੀਆਂ ਦੀ ਸਿਰਜਣ ਪ੍ਰਤਿਭਾ ਤੇ ਤਸੱਲੀ ਜ਼ਾਹਿਰ ਕੀਤੀ ਤੇ ਇਹਨ੍ਹਾਂ ਨੰਨ੍ਹੇ ਸਾਹਿਤਕਾਰਾਂ ‘ਚੋਂ ਵੱਡੇ ਸਾਹਿਤਕਾਰ ਬਣਨ ਦੀ ਆਸ ਪ੍ਰਗਟਾਈ। ਹਰ ਵਿਧਾ ‘ਚੋਂ ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਵਿਭਾਗੀ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਨਿਰਣਾਇਕ ਮੰਡਲ ਨੂੰ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਖੋਜ ਅਫ਼ਸਰ ਸ਼੍ਰੀ ਰਾਜੇਸ਼ ਕੁਮਾਰ ਵੱਲੋਂ ਕੀਤਾ ਗਿਆ। ਅੰਤ ਤੇ ਸਕੂਲ ਦੇ ਵਿਹੜੇ ਵਿੱਚ ਪਹੁੰਚੇ ਅਧਿਆਪਕਾਂ, ਸਾਹਿਤ ਪ੍ਰੇਮੀਆਂ ਦਾ ਸਕੂਲ ਪ੍ਰਿੰਸੀਪਲ ਮੀਨਮ ਸਿਖਾ ਵੱਲੋਂ ਧੰਨਵਾਦ ਕੀਤਾ ਗਿਆ। ਸਮੁੱਚੇ ਰੂਪ ਵਿੱਚ ਬੇਹੱਦ ਸਫ਼ਲ ਰਿਹਾ ਭਾਸ਼ਾ ਵਿਭਾਗ ਦਾ ਇਹ ਉਪਰਾਲਾ ਯਾਦਗਾਰੀ ਹੋ ਨਿਬੜਿਆ ਅਤੇ ਵਿਲੱਖਣ ਪੈੜਾਂ ਸਿਰਜ ਗਿਆ।