ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਨੇ 7 ਕਰੋੜ ਰੁਪਏ ਦੀ ਹੈਰੋਇਨ ਕੀਤੀ ਜ਼ਬਤ 

ਅੰਮ੍ਰਿਤਸਰ, 29 ਨਵੰਬਰ : ਪੰਜਾਬ ਪੁਲਿਸ ਅਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਇਕ ਵਾਰ ਫਿਰ ਸਰਹੱਦ 'ਤੇ ਕਾਰਵਾਈ ਕਰਕੇ ਪਾਕਿਸਤਾਨੀ ਤਸਕਰਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿਤਾ ਹੈ। ਜਾਣਕਾਰੀ ਦੇ ਆਧਾਰ 'ਤੇ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਨੇ ਬੁਧਵਾਰ ਸਵੇਰੇ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ 'ਚ ਸਰਚ ਅਭਿਆਨ ਸ਼ੁਰੂ ਕੀਤਾ। ਇਸ ਦੌਰਾਨ ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਨੇ 7 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਬੀ.ਐਸ.ਐਫ. ਅਤੇ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਸਰਹੱਦੀ ਖੇਤਰ ਦੇ ਪਿੰਡ ਰਾਣੀਆ ਨੇੜੇ ਬੁਧਵਾਰ ਨੂੰ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਨੇ ਸਾਂਝੀ ਟੀਮ ਬਣਾ ਕੇ ਤਲਾਸ਼ੀ ਸ਼ੁਰੂ ਕਰ ਦਿਤੀ ਹੈ। ਦੋਵਾਂ ਟੀਮਾਂ ਨੇ ਹਲਕੀ ਧੁੰਦ ਦੇ ਵਿਚਕਾਰ ਖੋਜ ਸ਼ੁਰੂ ਕਰ ਦਿਤੀ। ਇਸ ਦੌਰਾਨ ਖੇਤਾਂ 'ਚੋਂ ਦੋ ਪੈਕਟ ਬਰਾਮਦ ਹੋਏ। ਇਸ ਤੋਂ ਪਹਿਲਾਂ ਬੀਤੇ ਦਿਨ ਗੁਰਦਾਸਪੁਰ ਦੇ ਸਰਹੱਦੀ ਪਿੰਡ ਨੇੜੇ ਖੇਤਾਂ ਵਿਚੋਂ ਪਾਕਿਸਤਾਨੀ ਡਰੋਨ ਅਤੇ 2 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ।