ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼ੁਰੂ ਹੋਏ ਚਾਰ ਬਿਜ਼ਨਸ ਸਟਾਰਟਅੱਪ ਨੂੰ ਮਾਨਤਾ ਦਿੰਦਿਆਂ ਸਨਮਾਨ

ਅੰਮ੍ਰਿਤਸਰ, 30 ਅਗਸਤ, 2024 : ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰੀਨਿਓਰਸ਼ਿਪ ਐਂਡ ਇਨੋਵੇਸ਼ਨ ਵੱਲੋਂ ਪ੍ਰੋਤਸਾਹਿਤ ਚਾਰ ਔਰਤਾਂ ਦੀ ਅਗਵਾਈ ਵਾਲੇ ਬਿਜ਼ਨਸ ਸਟਾਰਟਅੱਪਸ ਨੂੰ ਪੰਜਾਬ ਦੀ ਤਰੱਕੀ ਲਈ ਨਵੇਂ ਧਰਾਤਲ ਸਿਰਜਣ ਅਤੇ ਸਮਾਜ ਉੱਤੇ ਉਨ੍ਹਾਂ ਦੇ ਮਹੱਤਵਪੂਰਨ ਪ੍ਰਭਾਵ ਲਈ ਯੋਗਦਾਨ ਵਾਸਤੇ ਮਾਨਤਾ ਦਿੱਤੀ ਅਤੇ ਸਨਮਾਨਿਤ ਕੀਤਾ। ਇਨ੍ਹਾਂ ਵਿਚ ਸਨਮਾਨਿਤ ਹੋਏ ਬਿਜ਼ਨਸ ਸਟਾਰਟਅੱਪਸ ਵਿੱਚ ਮੈਕੇਲੀ ਬਾਇਓਟੈਕ ਪ੍ਰਾਈਵੇਟ ਲਿਮਟਿਡ ਤੋਂ ਡਾ. ਵਿਪਾਸ਼ਾ ਸ਼ਰਮਾ, ਜੋ ਕਿ ਸਿਹਤ ਸੰਭਾਲ ਦੀਆਂ ਨਵੀਆਂ ਖੋਜਾਂ ਲਈ ਮਾਨਤਾ ਪ੍ਰਾਪਤ ਹੈ; ਗੌਰੀਜ਼ ਸਕਿਨ ਕੇਅਰ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ, ਡਾ. ਗੌਰੀ ਜੇਮੁਰਗੇਨ ਨੂੰ ਐਂਟੀ-ਏਜਿੰਗ ਅਤੇ ਐਂਟੀ-ਕੈਂਸਰ ਗੁਣਾਂ ਵਾਲਾ ਬਾਇਓਮਾਸ-ਆਧਾਰਿਤ ਕੁਦਰਤੀ ਸਨਸਕ੍ਰੀਨ ਫਾਰਮੂਲਾ ਵਿਕਸਿਤ ਕਰਨ ਹਿਤ; ਮਿਸ ਪੂਜਾ ਕੌਸ਼ਿਕ ਨੂੰ ਨਵੀਨਤਾਕਾਰੀ ਪਲੇਟਫਾਰਮ 'ਕ੍ਰਿਏਟਿਿਕਟ' ਲਈ ਅਤੇ ਸ਼੍ਰੀਮਤੀ ਨੈਨਸੀ ਭੋਲਾ ਨੂੰ ਸਮਾਜਿਕ ਉੱਦਮ 'ਸਖੀਆਂ' ਲਈ ਸਨਮਾਨਿਤ ਕੀਤਾ ਗਿਆ, ਜੋ ਕਿ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਹਾਸ਼ੀਏ 'ਤੇ ਪਹੁੰਚੀਆਂ ਔਰਤਾਂ, ਬੁਨਕਰਾਂ ਅਤੇ ਕਾਰੀਗਰਾਂ ਨੂੰ ਟੈਕਸਟਾਈਲ ਵੇਸਟ ਤੋਂ ਟਿਕਾਊ ਉਤਪਾਦ ਤਿਆਰ ਕਰਨ ਲਈ ਸਮਰੱਥ ਬਣਾਉਂਦਾ ਹੈ।ਕੇਂਦਰ ਦੇ ਕੋਆਰਡੀਨੇਟਰ ਡਾ. ਪੀ.ਕੇ. ਪਾਤੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਚਾਰ ਸਟਾਰਟਅੱਪਾਂ ਨੂੰ ਮਾਨਤਾ ਤੇ ਸਨਮਾਨ ਭਾਰਤ ਦੇ 78ਵੇਂ ਸੁਤੰਤਰਤਾ ਦਿਵਸ ਦੇ ਮਹੱਤਵਪੂਰਨ ਮੌਕੇ 'ਤੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪ੍ਰੋ. ਜਸਪਾਲ ਸਿੰਘ ਸੰਧੂ, ਵਾਈਸ-ਚਾਂਸਲਰ ਦੀ ਅਗਵਾਈ ਹੇਠ, ਉੱਦਮ ਅਤੇ ਇਨੋਵੇਸ਼ਨ ਲਈ ਗੋਲਡਨ ਜੁਬਲੀ ਸੈਂਟਰ ਤੇਜ਼ੀ ਨਾਲ ਸਟਾਰਟਅੱਪ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਵਿੱਚ ਇਨੋਵੇਸ਼ਨ ਈਕੋਸਿਸਟਮ ਨੂੰ ਵਧਾਉਣ ਪ੍ਰਣਾਲੀ ਦਾ ਅਹਿਮ ਅੰਗ ਬਣਦਾ ਜਾ ਰਿਹਾ ਹੈ। ਡਾ. ਪਾਤੀ ਨੇ ਸਾਰੇ ਸਟਾਰਟਅੱਪਸ ਓਨਰ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਅਣਥੱਕ ਯਤਨਾਂ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਯੂਨਵਿਰਸਿਟੀ ਦਾ ਇਹ ਕੇਂਦਰ ਵਰਤਮਾਨ ਵਿੱਚ ਵੇਸਟ-ਟੂ-ਵੈਲਥ, ਸਿਹਤ ਅਤੇ ਤੰਦਰੁਸਤੀ, ਐਗਰੀਟੈਕ, ਇਲੈਕਟ੍ਰਾਨਿਕ ਤਕਨਾਲੋਜੀ ਅਤੇ ਪੋਸ਼ਣ ਸੁਰੱਖਿਆ ਵਰਗੇ ਖੇਤਰਾਂ ਵਿੱਚ ਨਵੀਨਤਾਕਾਰੀ ਤਕਨਾਲੋਜੀਆਂ 'ਤੇ ਕੰਮ ਕਰਨ ਵਾਲੇ 40 ਦੇ ਲਗਪਗ ਸਟਾਰਟਅੱਪਸ ਦੀ ਮੇਜ਼ਬਾਨੀ ਦੇ ਕਾਰਜ ਅਧੀਨ ਹੈ। ਇਹਨਾਂ ਵਿੱਚੋਂ ਬਹੁਤ ਸਾਰੇ ਸਟਾਰਟਅੱਪਸ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਸਟਾਰਟਅੱਪ ਪੰਜਾਬ ਤੋਂ ਫੰਡ ਤੇ ਹੋਰ ਸਹੂਲਤਾਂ ਆਦਿ ਪ੍ਰਾਪਤ ਕੀਤੀਆਂ ਹਨ। ਇਹਨਾਂ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਕਰਨ ਤੋਂ ਇਲਾਵਾ, ਕੇਂਦਰ ਨੇ ਸਲਾਹਕਾਰਾਂ, ਈਕੋਸਿਸਟਮ ਸਮਰਥਕਾਂ, ਨਿਵੇਸ਼ਕਾਂ ਅਤੇ ਉਦਯੋਗਿਕ ਭਾਈਵਾਲਾਂ ਦਾ ਇੱਕ ਮਜ਼ਬੂਤ ਨੈੱਟਵਰਕ ਵੀ ਵਿਕਸਤ ਕੀਤਾ ਹੈ। ਡਾ.ਪਾਤੀ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਵਾਈਸ-ਚਾਂਸਲਰ, ਪ੍ਰੋ. ਸੰਧੂ ਦਾ ਉਹਨਾਂ ਦੀ ਨਿਰੰਤਰ ਪ੍ਰੇਰਨਾ ਅਤੇ ਇਹਨਾਂ ਔਰਤਾਂ ਦੀ ਅਗਵਾਈ ਵਾਲੇ ਸਟਾਰਟਅੱਪਸ ਦੇ ਯਤਨਾਂ, ਸਖ਼ਤ ਮਿਹਨਤ ਅਤੇ ਸਮਰਪਣ ਨੂੰ ਮਾਨਤਾ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਹ ਮਾਨਤਾ ਨਾ ਸਿਰਫ਼ ਇਹਨਾਂ ਉੱਦਮੀਆਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੀ ਹੈ ਬਲਕਿ ਖੇਤਰ ਵਿੱਚ ਨਵੀਨਤਾ ਅਤੇ ਉੱਦਮਤਾ ਨੂੰ ਉਚਾ ਚੁੱਕਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਵੀ ਦਰਸਾਉਂਦੀ ਹੈ।