ਲੋਕ ਨਿਰਮਾਣ ਮੰਤਰੀ ਨੇ 94 ਲੱਖ ਰੁਪਏ ਦੀ ਲਾਗਤ ਨਾਲ ਮਾਰਕੀਟ ਕਮੇਟੀ ਮਹਿਤਾ ਦੀ ਨਵੀਂ ਬਣੀ ਇਮਾਰਤ ਦਾ ਕੀਤਾ ਉਦਘਾਟਨ

ਅੰਮ੍ਰਿਤਸਰ 9 ਅਗਸਤ 2024 :  ਮੁੱਖ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਲਾਗੇ ਹੀ ਸਰਕਾਰੀ ਸੁਵਿਧਾਵਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਵੱਖ-ਵੱਖ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਮਾਰਨੇ ਪੈਣ ਅਤੇ ਇਸੇ ਹੀ ਲੜੀ ਤਹਿਤ ਵੱਖ-ਵੱਖ ਸਰਕਾਰੀ ਬਿਲਡਿੰਗਾਂ ਦਾ ਕਾਇਆ ਕਲਪ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਆਏ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ: ਹਰਭਜਨ ਸਿੰਘ ਈ.ਟੀ.ਓ. ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਪੰਜਾਬ ਨੇ ਅੱਜ 94 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਮਾਰਕੀਟ ਕਮੇਟੀ ਮਹਿਤਾ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕਰਨ ਪਿੱਛੋਂ ਕੀਤਾ। ਉਨਾਂ ਦੱਸਿਆ ਕਿ ਇਸ ਬਿਲਡਿੰਗ ਦੀ ਉਸਾਰੀ ਪੰਜਾਬ ਮੰਡੀ ਬੋਰਡ ਵਲੋਂ ਕਰਵਾਈ ਗਈ ਹੈ ਅਤੇ ਇਸ ਬਿਲਡਿੰਗ ਦੀ ਉਸਾਰੀ ਨਾਲ ਆੜ੍ਹਤੀਆਂ, ਆਮ ਲੋਕਾਂ ਅਤੇ ਦਫ਼ਤਰੀ ਕਰਮਚਾਰੀਆਂ ਲਈ ਲਾਹੇਵੰਦ ਸਾਬਤ ਹੋਵੇਗੀ। ਉਨਾਂ ਦੱਸਿਆ ਕਿ ਅੱਜ ਤੋਂ ਕਰੀਬ 8-9 ਮਹੀਨੇ ਪਹਿਲਾਂ ਇਸ ਬਿਲਡਿੰਗ ਦੀ ਹਾਲਤ ਬਹੁਤ ਹੀ ਖਸਤਾ ਹੋਣ ਕਰਕੇ ਇਸ ਨੂੰ ਅਨਸੇਫ ਐਲਾਨਿਆ ਗਿਆ ਸੀ। ਉਨਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵਲੋਂ ਕੇਵਲ 8 ਮਹੀਨਿਆਂ ਦੇ ਅੰਦਰ ਅੰਦਰ ਇਸ ਬਿਲਡਿੰਗ ਨੂੰ ਤਿਆਰ ਕੀਤਾ ਗਿਆ ਹੈ। ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਨੇ ਦੱਸਿਆ ਕਿ ਸਰਕਾਰੀ ਬਿਲਡਿੰਗਾਂ ਦੇ ਨਾਲ ਨਾਲ ਸੜਕਾਂ ਦਾ ਵੀ ਕਾਇਆ ਕਲਪ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਨੂੰ ਜਾਣ ਵਾਲੀਆਂ ਲਿੰਕ ਸੜਕਾਂ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ। ਉਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਗਰਮੀ ਦੇ ਸੀਜਨ ਦੌਰਾਨ ਵੀ ਲੋਕਾਂ ਨੂੰ ਪੂਰੀ ਬਿਜਲੀ ਮੁਹੱਈਆ ਕਰਵਾਈ ਗਈ ਹੈ ਅਤੇ ਪੀ.ਐਸ.ਪੀ.ਸੀ.ਐਲ. ਵਲੋਂ ਕਿਸੇ ਤਰ੍ਹਾਂ ਦੇ ਕੋਈ ਵੀ ਕੱਟ ਨਹੀਂ ਲਗਾਏ ਗਏ। ਇਸ ਮੌਕੇ ਸ: ਗੁਰਵਿੰਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਮਹਿਤਾ, ਬਲਾਕ ਪ੍ਰਧਾਨ ਜਰਮਨਜੀਤ ਸਿੰਘ, ਅਜੈ ਗਾਂਧੀ, ਸੁਖ ਰੰਧਾਵਾ, ਰਾਣਾ ਸ਼ਾਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।