ਪਬਲਿਕ ਥਾਂ ’ਤੇ ਕੋਈ ਵੀ ਹਥਿਆਰ ਲੈ ਕੇ ਚੱਲਣ ਦੀ ਮਨਾਹੀ

ਗੁਰਦਾਸਪੁਰ, 13 ਮਾਰਚ : ਜ਼ਿਲ੍ਹਾ ਗੁਰਦਾਸਪੁਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿਚ ਕੋਈ ਵੀ ਵਿਅਕਤੀ ਜਾਂ ਸਮੂਹ ਵਿਅਕਤੀ ਕਿਸੇ ਪਬਲਿਕ ਥਾਂ ’ਤੇ ਕੋਈ ਵੀ ਹਥਿਆਰ ਜਿਨ੍ਹਾਂ ਵਿੱਚ ਲਾਇਸੈਂਸੀ ਹਥਿਆਰ/ਗੋਲੀ ਸਿੱਕਾ, ਗੰਡਾਸਾ, ਚਾਕੂ, ਟਕੂਏ, ਬਰਸੇ, ਲੋਹੇ ਦੀਆਂ ਸਲਾਖ਼ਾਂ, ਲਾਠੀਆਂ, ਛਵ੍ਹੀਆਂ ਅਤੇ ਧਮਾਕਾਖ਼ੇਜ਼ ਪਦਾਰਥ ਜੋ ਕੋਈ ਵੀ ਐਸੀ ਚੀਜ਼ ਜੋ ਜੁਰਮ ਕਰਨ ਲਈ ਹਥਿਆਰ ਵਜੋਂ ਵਰਤੀ ਜਾ ਸਕਦੀ ਹੋਵੇ, ਨੂੰ ਲੈ ਕੇ ਨਹੀਂ ਚੱਲੇਗਾ। ਮਨਾਹੀ ਦੇ ਇਹ ਹੁਕਮ ਮਿਲਟਰੀ, ਬੀ.ਐੱਸ.ਐੱਫ. ਅਤੇ ਹੋਮ ਗਾਰਡ ਦੇ ਜਵਾਨਾਂ ਤੇ ਵਰਦੀਆਂ ਵਿੱਚ ਡਿਊਟੀ ਸਮੇਂ ਦੌਰਾਨ ਲਾਗੂ ਨਹੀਂ ਹੋਵੇਗਾ। ਇਹ ਹੁਕਮ ਕਾਰਜਕਾਰੀ ਮੈਜਿਸਟਰੇਟਾਂ ਅਤੇ ਵਿਲੇਜ਼ ਡਿਫੈਂਸ ਕਮੇਟੀਆਂ ਦੇ ਮੈਂਬਰਾਂ ’ਤੇ ਵੀ ਲਾਗੂ ਨਹੀਂ ਹੋਵੇਗਾ ਅਤੇ ਨਾ ਹੀ ਉਨ੍ਹਾਂ ਸੁਰੱਖਿਆ ਗਾਰਡਾਂ ’ਤੇ ਲਾਗੂ ਮੰਨਿਆ ਜਾਵੇਗਾ ਜੋ ਸੁਰੱਖਿਆ ਲਈ ਵਿਸ਼ੇਸ਼ ਵਿਅਕਤੀਆਂ ਨੂੰ ਸਰਕਾਰ ਵੱਲੋਂ ਮਿਲੇ ਹਨ। ਇਹ ਹੁਕਮ ਉਨ੍ਹਾਂ ਅਸਲਧਾਰੀ ਵਿਅਕਤੀਆਂ ’ਤੇ ਵੀ ਲਾਗੂ ਨਹੀਂ ਮੰਨਿਆ ਜਾਵੇਗਾ ਜਿਨ੍ਹਾਂ ਪਾਸ ਜ਼ਿਲ੍ਹਾ ਮੈਜਿਸਟਰੇਟ, ਵਧੀਕ ਜ਼ਿਲ੍ਹਾ ਮੈਜਿਸਟਰੇਟ, ਮੁਤੱਲਕਾ ਉਪ ਮੰਡਲ ਮੈਜਿਸਟਰੇਟ ਵੱਲੋਂ ਜਾਰੀ ਹੋਈ ਮਨਜ਼ੂਰੀ ਪ੍ਰਾਪਤ ਕੀਤੀ ਹੋਵੇਗੀ। ਇਹ ਹੁਕਮ 1 ਮਾਰਚ 2024 ਤੋਂ 29 ਅਪ੍ਰੈਲ 2024 ਤੱਕ ਲਾਗੂ ਰਹਿਣਗੇ।