- ਨਗਰ ਕੌਂਸਲ ਗੁਰਦਾਸਪੁਰ ਦੀ ਵਾਰਡ ਨੰਬਰ 16 ਅਤੇ ਨਗਰ ਨਿਗਮ ਬਟਾਲਾ ਦੀ ਵਾਰਡ ਨੰਬਰ 24 ਦੀ ਉੱਪ ਚੋਣ ਹੋਵੇਗੀ
ਗੁਰਦਾਸਪੁਰ, 14 ਨਵੰਬਰ 2024 : ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ, ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਮਿਤੀ 01 ਨਵੰਬਰ 2024 ਨੂੰ ਵੋਟਰਾਂ ਦੀ ਯੋਗਤਾ ਆਧਾਰ ਮਿਤੀ ਮੰਨਦੇ ਹੋਏ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਲਈ 18 ਨਵੰਬਰ ਤੋਂ 25 ਨਵੰਬਰ, 2024 ਤੱਕ ਦਾਅਵੇ ਤੇ ਇਤਰਾਜ ਦਰਜ਼ ਕਰਵਾਏ ਜਾ ਸਕਣਗੇ ਜਦੋਂ ਕਿ ਦਾਅਵੇ ਤੇ ਇਤਰਾਜਾਂ ਦਾ ਨਿਪਟਾਰਾ 03 ਦਸੰਬਰ,2024 ਤੱਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 07 ਦਸੰਬਰ, 2024 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਵੀਆਂ ਵੋਟਾਂ ਬਣਾਉਣ, ਕਟਵਾਉਣ ਜਾਂ ਕਿਸੇ ਕਿਸਮ ਦੀ ਸੋਧ ਲਈ ਫਾਰਮ ਨੰਬਰ 7, 8,9 ਭਰੇ ਜਾਣਗੇ। ਫਾਰਮ ਸਬੰਧਤ ਨਗਰ ਨਿਗਮ, ਨਗਰ ਕੌਂਸਲ ਜਾਂ ਸਬੰਧਤ ਉੱਪ ਮੰਡਲ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਜਾਂ ਰਾਜ ਚੋਣ ਕਮਿਸ਼ਨ ਦੀ ਵੈਬਸਾਈਟ sec.punjab.gov.in ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਲਈ ਨਵੀਂਆਂ ਵੋਟਾਂ ਬਣਾਉਣ ਜਾਂ ਵੋਟਾਂ ਕਟਵਾਉਣ ਸਬੰਧੀ 20 ਅਤੇ 21 ਨਵੰਬਰ ਨੂੰ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਗੁਰਦਾਸਪੁਰ ਦੀ ਵਾਰਡ ਨੰਬਰ 16 ਅਤੇ ਨਗਰ ਨਿਗਮ ਬਟਾਲਾ ਦੀ ਵਾਰਡ ਨੰਬਰ 24 ਦੀ ਉੱਪ ਚੋਣ ਹੋਣੀ ਹੈ।