ਅੱਖਾਂ ਦੀ ਲਾਗ ਅੱਗੇ ਫੈਲਣ ਤੋਂ ਰੋਕਣ ਲਈ ਸਾਵਧਾਨੀਆਂ ਵਰਤਣੀਆਂ ਜ਼ਰੂਰੀ-ਸਿਵਲ ਸਰਜਨ

ਤਰਨ ਤਾਰਨ, 31 ਜੁਲਾਈ : ਹੜ ਪ੍ਰਭਾਵਿਤ ਇਲਾਕਿਆਂ ਅਤੇ ਇਸ ਮੌਸਮ ਵਿੱਚ ਆਮ ਤੌਰ 'ਤੇ ਅੱਖਾਂ ਵਿੱਚ ਇੰਫੈਕਸ਼ਨ ਦੇ ਕੇਸ ਜ਼ਿਆਦਾ ਪਾਏ ਜਾਂਦੇ ਹਨ, ਜਿਸ ਸਬੰਧੀ ਵਧੇਰੇ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ  ਨੇ ਕਿਹਾ ਕਿ ਅੱਖਾਂ ਦੇ ਫਲੂ ਜਿਸਨੂੰ ਕੰਜਕਤੀਵਾਇਟਸ ਵੀ ਕਿਹਾ ਜਾਂਦਾ ਹੈ, ਪ੍ਰਤੀ ਸੁਚੇਤ ਹੋਣਾ ਜਰੂਰੀ ਹੈ ।ਉਹਨਾਂ ਕਿਹਾ ਕਿ ਅੱਖਾਂ ਵਿੱਚ ਹੋਣ ਵਾਲੀ ਕਿਸੇ ਵੀ ਤਰਾਂ ਦੀ ਇੰਫੈਕਸ਼ਨ ਨਾਲ ਆਈ ਲਾਲੀ ਲਾਗ ਦੀ ਬਿਮਾਰੀ ਦੀ ਨਿਸ਼ਾਨੀ ਹੈ, ਜਿਸ ਨੂੰ ਫਲੂ ਵੀ ਕਿਹਾ ਜਾਂਦਾ ਹੈ। ਉਹਨਾਂ ਲੋਕਾਂ ਨੂੰ ਅੱਖਾਂ ਵਿੱਚ ਕਿਸੇ ਤਰਾਂ ਦੀ ਇਨਫੈਕਸ਼ਨ ਹੋਣ ‘ਤੇ ਸਵੈ-ਦਵਾਈ ਜਾਂ ਘਰੇਲੂ ਉਪਚਾਰਾਂ ਤੋਂ ਬਚਣ ਅਤੇ ਸਰਕਾਰੀ ਸਿਹਤ ਕੇਂਦਰਾਂ ਵਿਖੇ ਇਲਾਜ ਲਈ ਸੰਪਰਕ ਕਰਨ ਲਈ ਕਿਹਾ ਕਿਉਂਕਿ ਸਮੇਂ ਸਿਰ ਇਸ ਨੂੰ ਬੇਹੱਦ ਸਧਾਰਨ ਦਵਾਈਆਂ ਨਾਲ ਠੀਕ ਕੀਤਾ ਜਾ ਸਕਦਾ ਹੈ, ਪਰ ਇਨਫੈਕਸ਼ਨ ਨਾਲ ਛੇੜ ਛਾੜ ਕਰਨ 'ਤੇ ਕੰਪਲੀਕੇਸ਼ਨ ਵੀ ਆ ਸਕਦੀਆਂ ਹਨ। ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਅੱਖਾਂ ਦੇ ਫਲੂ ਦੇ ਲੱਛਣਾਂ ਵਿੱਚ ਅੱਖਾਂ ਵਿੱਚ ਖੁਜਲੀ, ਅੱਖਾਂ ਦਾ ਲਾਲ ਹੋਣਾ, ਪਲਕਾਂ ਵਿੱਚ ਸੋਜ ਅਤੇ ਲਾਗ ਵਾਲੀ ਅੱਖ ਵਿੱਚੋਂ ਸਫੈਦ ਡਿਸਚਾਰਜ ਹਨ। ਇਹ ਇੱਕ ਵਾਇਰਲ ਲਾਗ ਹੈ ਅਤੇ ਇੱਕ ਹਫ਼ਤੇ ਤੱਕ ਰਹਿੰਦੀ ਹੈ। ਇਕ ਇਨਫੈਕਟਿਡ ਵਿਅਕਤੀ ਤੋਂ ਦੂਜੇ ਨੂੰ ਅਤੇ ਵਰਤੇ ਗਏ ਸਮਾਨ ਜਿਵੇਂ ਦਰਵਾਜੇ ਦੇ ਹੈਂਡਲ, ਟੇਬਲ, ਪੈੱਨ ਆਦਿ ਚੀਜਾਂ ਰਾਹੀਂ ਫੈਲਦਾ ਹੈ।ਓੁਹਨਾਂ ਕਿਹਾ ਕਿ ਸੰਕਰਮਿਤ ਵਿਅਕਤੀਆਂ ਦੇ ਤੌਲੀਏ, ਬਿਸਤਰੇ ਦੀਆਂ ਚਾਦਰਾਂ ਅਤੇ ਹੋਰ ਕੱਪੜੇ ਵੱਖ ਕੀਤੇ ਜਾਣੇ ਚਾਹੀਦੇ ਹਨ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਬਿਮਾਰੀ ਫੈਲਣ ਤੋਂ ਰੋਕਣ ਲਈ ਨਿਯਮਤ ਤੌਰ ‘ਤੇ ਹੱਥ ਧੋਣੇ ਚਾਹੀਦੇ ਹਨ। ਸਕੂਲਾਂ ਵਿੱਚ ਬੱਚਿਆਂ ਨੂੰ ਆਰ.ਬੀ.ਐੱਸ.ਕੇ. ਦੀ ਟੀਮਾਂ ਵੱਲੋਂ ਵਾਇਰਲ ਕੰਨਜਕਟਿਵਾਇਟਿਸ ਬਾਰੇ ਜਾਗਰੂਕ ਸਮੇਂ ਸਮੇਂ ਤੇ ਕੀਤਾ ਜਾਂਦਾ ਹੈ। ਸਿਵਲ ਸਰਜਨ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਅੱਖਾਂ ਵਿੱਚ ਇੰਨਫੈਕਸ਼ਨ ਹੁੰਦੀ ਹੈ ਤਾਂ ਉਹ ਤੁਰੰਤ ਸਰਕਾਰੀ ਹਸਪਤਾਲ ਵਿੱਚ ਆ ਕੇ ਆਪਣਾ ਜਲਦ ਤੋਂ ਜਲਦ ਇਲਾਜ ਕਰਵਾਏ।