ਵਿਸ਼ਵ ਕੱਪ ਕਰਾਟੇ ਚੈਂਪੀਅਨਸ਼ਿਪ ਵਿੱਚ ਗੁਰਦਾਸਪੁਰ ਦੇ ਖਿਡਾਰੀਆਂ ਮਾਰੀਆਂ ਮੱਲਾਂ-ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਗੁਰਦਾਸਪੁਰ, 14 ਨਵੰਬਰ 2024 : 24ਵੀਂ ਐਫ.ਐਸ.ਕੇ.ਐਸ. ਵਿਸ਼ਵ ਕੱਪ ਕਰਾਟੇ ਚੈਂਪੀਅਨਸ਼ਿਪ, ਵਿਸ਼ਵ ਫੁਨਾਕੋਸ਼ੀ ਸ਼ੋਟੋਕਨ ਕਰਾਟੇ ਸੰਗਠਨ ਦੁਆਰਾ, ਮਾਪੁਸਾ ਗੋਆ ਵਿੱਚ ਸਫਲਤਾਪੂਰਵਕ ਸਮਾਪਤ ਹੋਈ। ਗੁਰਦਾਸਪੁਰ ਜ਼ਿਲ੍ਹੇ ਦੇ ਅੱਠ ਨੌਜਵਾਨ ਐਥਲੀਟਾਂ ਨੇ ਇਸ ਚੈਂਪੀਅਨਸ਼ਿਪ ਵਿੱਚ ਸ਼ਾਮਲ ਹੋ ਕੇ ਆਪੋ-ਆਪਣੇ ਵਰਗਾਂ ਵਿੱਚ ਸੋਨ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਆਪਣੇ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ। ਤਮਗਾ ਜਿੱਤਣ ਵਾਲੀ ਟੀਮ ਵਿੱਚ ਜਤਿਨ ਕਲਸੀ, ਏਕਮਜੋਤ ਸਿੰਘ ਦੁੱਗਰੀ, ਏਕਮਜੋਤ ਸਿੰਘ ਚੋਹਾਨ, ਏਕਮਜੋਤ ਸਿੰਘ ਔਜਲਾ, ਅਗਮਜੋਤ ਕੌਰ, ਆਰਵ, ਅਕਾਸ਼ਦੀਪ ਸਿੰਘ ਅਤੇ ਅੰਸ਼ਦੀਪ ਸਿੰਘ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਹਰੇਕ ਨੇ ਸ਼ਾਨਦਾਰ ਅਥਲੈਟਿਕਸ ਅਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਜਿਲਾ ਬਾਲ ਭਲਾਈ ਕਮੇਟੀ ਦੇ ਆਨਰੇਰੀ ਸਕੱਤਰ ਅਤੇ ਗੁਰਦਾਸਪੁਰ ਕਰਾਟੇ ਡੂ ਐਸੋਸੀਏਸ਼ਨ ਦੇ ਸੰਸਥਾਪਕ ਚੇਅਰਮੈਨ ਰੋਮੇਸ਼ ਮਹਾਜਨ ਵਲੋਂ ਨੌਜਵਾਨ ਚੈਂਪੀਅਨਾਂ ਨੂੰ ਵਧਾਈ ਦਿੱਤੀ ਗਈ ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਇਸ ਉਪਲੱਬਧੀ ਲਈ ਕਰਾਟੇ ਕੋਚ ਗੁਰਵੰਤ ਸਿੰਘ ਨੂੰ ਵੀ ਮੁਬਾਰਕਬਾਦ ਦਿੱਤੀ। ਸ੍ਰੀ ਮਹਾਜਨ, ਜੋ ਕਿ ਸਰਕਾਰੀ ਗਰਲਜ਼ ਸੀਨੀਅਰ ਸੈਕੰ. ਸਕੂਲ ਗੁਰਦਾਸਪੁਰ ਨੇ ਸਾਲ 2016 ਵਿਚ ਨੌਜਵਾਨਾਂ ਖਾਸ ਕਰਕੇ ਲੜਕੀਆਂ ਦੀ ਸਵੈ-ਰੱਖਿਆ ਲਈ ਇਸ ਮਾਰਸ਼ਲ ਆਰਟ ਸਿਖਲਾਈ ਕੇਂਦਰ ਦੀ ਸਥਾਪਨਾ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਨੇ ਵੀ ਜੇਤੂਆਂ 'ਤੇ ਮਾਣ ਪ੍ਰਗਟ ਕੀਤਾ ਅਤੇ ਉਨ੍ਹਾਂ ਦੀ ਸਫਲਤਾ ਨੂੰ ਭਾਰਤ ਦੇ ਹੋਰ ਨੌਜਵਾਨ ਐਥਲੀਟਾਂ ਲਈ ਇਕ ਚਮਕਦਾਰ ਉਦਾਹਰਣ ਵਜੋਂ ਪ੍ਰਸ਼ੰਸਾ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜੇਤੂਆਂ ਵਿੱਚੋਂ ਦੋ ਕਰਾਟੇ ਅਥਲੀਟ ਅੰਸ਼ਦੀਪ ਸਿੰਘ ਅਤੇ ਏਕਮਜੋਤ ਸਿੰਘ ਵੀ ਅਗਲੇ ਟੂਰਨਾਮੈਂਟ ਜੇਤੂ ਕੱਪ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਲਈ 17 ਨਵੰਬਰ 2024 ਨੂੰ ਆਬੂ ਧਾਬੀ, ਦੁਬਈ ਵਿਖੇ ਜਾ ਰਹੇ ਹਨ। ਸਨਮਾਨ ਸਮਾਰੋਹ ਦੌਰਾਨ ਬਖਸ਼ੀ ਰਾਜ ਪ੍ਰੋਜੈਕਟ ਕੋਆਰਡੀਨੇਟਰ ਡੀ.ਸੀ.ਡਬਲਿਊ.ਸੀ ਅਤੇ ਲਾਇਨ ਕੰਵਰਪਾਲ ਸਿੰਘ ਪ੍ਰਧਾਨ ਲਾਇਨਜ਼ ਕਲੱਬ ਕਾਹਨੂੰਵਾਨ ਫਤਿਹ ਵੀ ਹਾਜ਼ਰ ਸਨ।