ਪਠਾਨਕੋਟ ਪੁਲਿਸ ਨੇ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਵਿੱਚ ਪ੍ਰਾਪਤ ਕੀਤੀ ਸ਼ਾਨਦਾਰ ਸਫਲਤਾ

  • ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਸਿੰਡੀਕੇਟ ਨੂੰ ਬੇਨਕਾਬ ਕਰਕੇ ਚੋਰੀ ਦੇ ਅੱਠ ਮੋਟਰਸਾਈਕਲਾਂ ਸਮੇਤ ਤਿੰਨ ਦੋਸ਼ੀਆਂ ਨੂੰ ਕੀਤਾ ਕਾਬੂ 

ਪਠਾਨਕੋਟ, 24 ਅਗਸਤ : ਪਠਾਨਕੋਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਲਾਕੇ ਵਿੱਚ ਚੋਰੀਆਂ ਕਰਨ ਵਾਲੇ ਬਦਨਾਮ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪਠਾਨਕੋਟ ਪੁਲਿਸ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਇੱਕ ਬਦਨਾਮ ਕਬਾੜੀਏ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਅੱਠ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਫੜੇ ਗਏ ਵਿਅਕਤੀਆਂ ਦੀ ਪਛਾਣ ਗੌਰਵ ਉਰਫ ਖਾਂਡੂ ਵਾਸੀ ਲਹਿਰੀ ਮਹੰਤ, ਹਰਜੀਤ ਸਿੰਘ (ਸਕਰੈਪ ਡੀਲਰ) ਵਾਸੀ ਨਵੀਂ ਆਬਾਦੀ ਸੁਜਾਨਪੁਰ ਪਠਾਨਕੋਟ ਅਤੇ ਮੁਕੇਸ਼ ਉਰਫ ਸਾਲੂ ਵਾਸੀ ਸੁੰਦਰ ਚੱਕ ਵਜੋਂ ਹੋਈ ਹੈ। ਗੌਰਵ ਉਰਫ ਖਾਂਡੂ ਕੋਲ ਚੋਰੀ ਅਤੇ ਗਬਨ ਦਾ ਪੁਰਾਣਾ ਰਿਕਾਰਡ ਹੈ, ਜਿਸ ਦਾ ਪਤਾ ਜਾਂਚ ਦੌਰਾਨ ਸਾਹਮਣੇ ਆਇਆ ਹੈ। ਇਸ ਅਪ੍ਰੇਸ਼ਨ ਦੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਪਠਾਨਕੋਟ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਸਫਲ ਆਪ੍ਰੇਸ਼ਨ ਦੀ ਅਗਵਾਈ ਐਸ.ਐਚ.ਓ ਥਾਣਾ ਸਦਰ ਹਰਪ੍ਰੀਤ ਕੌਰ ਬਾਜਵਾ ਨੇ ਡੀਐਸਪੀ ਦਿਹਾਤੀ ਸੁਖਜਿੰਦਰ ਸਿੰਘ ਦੀ ਦੇਖ-ਰੇਖ ਹੇਠ ਕੀਤੀ ਹੈ। ਪੁਲਿਸ ਟੀਮ ਵੱਲੋਂ ਅੱਡਾ ਸਰਨਾ ਵਿਖੇ ਰੂਟੀਨ ਚੈਕਿੰਗ ਕੀਤੀ ਜਾ ਰਹੀ ਸੀ ਤਦ ਬਿਨਾਂ ਨੰਬਰ ਪਲੇਟ ਵਾਲੇ ਹੀਰੋ ਹਾਂਡਾ ਡੀਲਕਸ ਮੋਟਰਸਾਈਕਲ ਤੇ ਸਵਾਰ ਦੋ ਸ਼ੱਕੀ ਵਿਅਕਤੀ ਦੇਖੇ ਗਏ। ਪੁਲਸ ਦੀ ਮੌਜੂਦਗੀ ਨੂੰ ਦੇਖ ਕੇ ਸ਼ੱਕੀ ਵਿਅਕਤੀਆਂ ਨੇ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਦਬੋਚ ਲਿਆ।
ਜਦੋਂ ਉਨ੍ਹਾਂ ਦੀ ਪਛਾਣ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਗਲਤ ਜਾਣਕਾਰੀ ਦੇ ਕੇ ਅਧਿਕਾਰੀਆਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਮੋਟਰਸਾਈਕਲ ਕੁਝ ਦਿਨ ਪਹਿਲਾਂ ਅੱਡਾ ਝਖੋਲਾਹੜੀ ਤੋਂ ਚੋਰੀ ਹੋਇਆ ਸੀ। ਮੁਲਜ਼ਮਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਨੇੜਲੇ ਸਕਰੈਪ ਡੀਲਰ ਨੂੰ ਵੇਚ ਦਿੰਦੇ ਸਨ। ਬਾਈਕ ਦੀ ਸਥਿਤੀ ਤੇ ਨਿਰਭਰ ਕਰਦੇ ਹੋਏ, ਇਹ ਕਬਾੜੀਆਂ ਜਾਂ ਤਾਂ ਚੰਗੇ ਵਾਹਨ ਦਾ ਚੈਸੀ ਨੰਬਰ ਬਦਲ ਦਿੰਦਾ ਸੀ ਅਤੇ ਮਾੜੇ ਵਾਹਨ ਨੂੰ ਮੈਲਟ ਕਰ ਦਿੰਦਾ ਸੀ। ਪੁਲਿਸ ਨੇ ਤੁਰੰਤ ਸਕਰੈਪ ਡੀਲਰ ਦੇ ਅਹਾਤੇ ਤੇ ਛਾਪੇਮਾਰੀ ਕਰਕੇ ਚੋਰੀ ਹੋਏ ਬਾਈਕ ਬਰਾਮਦ ਕੀਤੇ ਅਤੇ ਇਸ ਮਾਮਲੇ ਦੇ ਸਬੰਧ ਵਿੱਚ ਉਸ ਉੱਪਰ ਮਕੁੱਦਮਾ ਦਰਜ ਕੀਤਾ ਗਿਆ ਹੈ। ਸਿੱਟੇ ਵਜੋਂ ਤਿੰਨਾਂ ਦੋਸ਼ੀਆਂ ਖ਼ਿਲਾਫ਼ ਥਾਣਾ ਸਦਰ ਪਠਾਨਕੋਟ ਵਿਖੇ ਆਈਪੀਸੀ ਦੀ ਧਾਰਾ 379 ਅਤੇ 411 ਤਹਿਤ ਕੇਸ ਦਰਜ ਕੀਤਾ ਗਿਆ ਹੈ। ਹੋਰ ਪੁੱਛ-ਗਿੱਛ ਦੌਰਾਨ ਮੁਲਜ਼ਮ ਗੌਰਵ ਨੇ ਮੋਟਰਸਾਈਕਲ ਚੋਰੀ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲੀ ਹੈ। ਬਰਾਮਦ ਕੀਤੇ ਗਏ ਚੋਰੀ ਦੇ ਮੋਟਰਸਾਈਕਲਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
1. PB-35-T-2281, ਮਾਰਕਾ ਸਪੈਲਡਰ - ਭੋਆ ਸਕੂਲ ਦੇ ਬਾਹਰ ਚੋਰੀ
2. PB-35-H-4633, ਮਾਰਕਾ ਪੈਸਨ - ਬਲਸੂਆ ਪੁਲੀ ਤੋਂ ਚੋਰੀ
3. PB-35-0817, ਮਾਰਕਾ ਸਪੈਲਡਰ - ਪਿੰਡ ਜਖੋਲਾਹੜੀ ਤੋਂ ਚੋਰੀ
4. JK0-20-9583, ਮਾਰਕਾ ਪੇਸਨ ਹਰਾਲੀ - ਜੰਮੂ-ਕਸ਼ਮੀਰ ਤੋਂ ਚੋਰੀ
5. PB06-J-4865, TVS ਅਪਾਚੇ - ਦੀਨਾ ਨਗਰ ਬੱਸ ਸਟੈਂਡ ਤੋਂ ਚੋਰੀ
6. PB-35-F-8109, ਹੀਰੋ ਹੌਂਡਾ ਸਾਈਨ - ਅੱਡਾ ਸਰਨਾ ਤੋਂ ਚੋਰੀ
7. PB-35-T-4114, ਮਾਰਕਾ ਸਪੈਲਡਰ - ਰਾਮਲੀਲਾ ਗਰਾਊਂਡ, ਪਠਾਨਕੋਟ ਤੋਂ ਚੋਰੀ
ਫੜੇ ਗਏ ਵਿਅਕਤੀਆਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਉਨ੍ਹਾਂ ਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਮਾਮਲੇ ਦੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਐਸਐਸਪੀ ਖੱਖ ਵੱਲੋਂ ਪਠਾਨਕੋਟ ਅਤੇ ਆਸਪਾਸ ਦੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਲੋਕ ਜੋ ਚੋਰੀ ਦਾ ਸ਼ਿਕਾਰ ਹੋਏ ਸਨ, ਉਹ ਆਪਣੇ ਵਾਹਨ ਵਾਪਸ ਲੈਣ ਲਈ ਮਾਲਕੀ ਦੇ ਦਸਤਾਵੇਜ਼ਾਂ ਦੀ ਤਨਦੇਹੀ ਅਤੇ ਸੁਚੱਜੀ ਤਸਦੀਕ ਲਈ ਸਦਰ ਥਾਣਾ ਪਠਾਨਕੋਟ ਵਿੱਖੇ ਆ ਸਕਦੇ ਹਨ।