ਪੁੱਤ ਦੇ ਨਾਮ ਜਾਇਦਾਦ ਨਾ ਕਰਵਾਉਣਾ ਮਾਂ ਨੂੰ ਪਿਆ ਭਾਰੀ, ਪੁੱਤ ਨੇ ਕੀਤਾ ਮਾਂ ਦਾ ਕਤਲ 

ਖਲਚੀਆਂ, 17 ਅਕਤੂਬਰ 2024 : ਥਾਣਾ ਖਲਚੀਆਂ ਅਧੀਨ ਪੈਂਦੇ ਪਿੰਡ ਵਡਾਲਾ ਖੁਰਦ ਦੇ ਵਿੱਚ ਇੱਕ ਕਲਯੁਗੀ ਪੁੱਤ ਵੱਲੋਂ ਕਥਿਤ ਤੌਰ ਤੇ ਬਜੁਰਗ ਮਾਂ ਦਾ ਕਤਲ ਕਰ ਦੇਣ ਦੀ ਖਬਰ ਹੈ। ਪਿੰਡ ਵਾਸੀ ਬਲਬੀਰ ਸਿੰਘ ਨੇ ਦੱਸਿਆ ਕਿ ਤੜਕਸਾਰ ਗਲੀ ਵਿੱਚ ਰੌਲਾ ਪੈ ਰਿਹਾ ਸੀ ਕਿ ਸਵਿੰਦਰ ਸਿੰਘ ਵੱਲੋਂ ਆਪਣੀ ਮਾਂ ਨੂੰ ਮਾਰ ਦਿੱਤਾ ਗਿਆ ਹੈ ਅਤੇ ਘਰ ਵਿੱਚ ਹੀ ਨੱਪ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਕਥਿਤ ਮੁਲਜਮ ਦਿਮਾਗੀ ਠੀਕ ਨਹੀਂ ਹੈ। ਉਹਨਾਂ ਦੱਸਿਆ ਕਿ ਉਕਤ ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਉਹਨਾਂ ਵੱਲੋਂ ਵੇਹੜੇ ਦੇ ਵਿੱਚ ਮਾਰ ਕੇ ਨੱਪੀ ਗਈ ਬਜ਼ੁਰਗ ਔਰਤ ਦੀ ਲਾਸ਼ ਨੂੰ ਬਰਾਮਦ ਕਰਕੇ ਕਥਿਤ ਮੁਲਜਮ ਨੂੰ ਗਿਰਫਤਾਰ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਖਲਚੀਆਂ ਦੇ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਰਣਜੀਤ ਕੌਰ ਪਤਨੀ ਸੁਲੱਖਣ ਸਿੰਘ ਵਾਸੀ ਵਡਾਲਾ ਬਾਂਗਰ ਨੇ ਦੱਸਿਆ ਕਿ ਉਹ ਆਪਣੀ ਮਾਤਾ ਨੂੰ ਮਿਲਣ ਆਏ ਸਨ, ਰਾਤ ਨੂੰ ਉਹ ਅਲੱਗ ਅਲੱਗ ਕਮਰਿਆਂ ਦੇ ਵਿੱਚ ਸੌ ਗਏ। ਜਿਸ ਤੋਂ ਬਾਅਦ ਤੜਕੇ ਉਸਦੇ ਮਾਂ ਦੇ ਚੀਕਣ ਦੀ ਆਵਾਜ਼ ਆਈ ਤਾਂ ਉਸ ਨੇ ਦੇਖਿਆ ਕਿ ਉਸ ਦਾ ਭਰਾ ਸਵਿੰਦਰ ਸਿੰਘ ਉਸ ਦੀ ਮਾਂ ਨੂੰ ਮਧੋਲ ਰਿਹਾ ਸੀ। ਜਿਸ ਦੌਰਾਨ ਕਥਿਤ ਤੌਰ ਤੇ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਜਦੋਂ ਉਹਨਾਂ ਦੇਖਿਆ ਤਾਂ ਸਵਿੰਦਰ ਸਿੰਘ ਵੱਲੋਂ ਉਸ ਦੀ ਮਾਤਾ ਨੂੰ ਮਾਰਨ ਤੋਂ ਬਾਅਦ ਲਾਸ਼ ਨੂੰ ਵੇਹੜੇ ਦੇ ਵਿੱਚ ਮਿੱਟੀ ਅਤੇ ਪੱਤਿਆਂ ਦੇ ਵਿੱਚ ਦੱਬ ਕੇ ਲਕੋਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਪਾਰਟੀ ਕੱਥਿਤ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਹੈ, ਮੁਕਦਮਾ ਦਰਜ ਕਰਕੇ ਅਗਲੇਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।