ਬਿਨਾਂ ਮਨਜ਼ੂਰੀ ਦੇ ਨਹੀਂ ਪੁੱਟੇ ਜਾ ਸਕਣਗੇ ਖੂਹ/ਬੋਰ

ਗੁਰਦਾਸਪੁਰ, 13 ਮਾਰਚ : ਕੱਚੀਆਂ ਖੂਹੀਆਂ ਪੁੱਟਣ ਕਰਕੇ ਕਈ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਇਸ ਕਾਰਨ ਕਈ ਮੌਤਾਂ ਵੀ ਹੋ ਸਕਦੀਆਂ ਹਨ। ਅਜਿਹੀਆਂ ਦੁਰਘਟਨਾਵਾਂ ਦੀ ਰੋਕਥਾਮ ਕਰਨੀ ਜਰੂਰੀ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ (ਸਮਾਜਿਕ ਸੁਰੱਖਿਆ ਸ਼ਾਖਾ) ਦੇ ਪੱਤਰ ਨੰਬਰ 12/40/2010- ਆਈ, ਸ.ਸ./2480-84, ਮਿਤੀ 25 ਅਗਸਤ 2012 ਰਾਹੀਂ ਹੇਠ ਲਿਖੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਖੂਹ/ਬੋਰ ਲਗਾਉਣ ਤੋਂ ਪਹਿਲਾਂ ਭੂਮੀ ਮਾਲਕ 15 ਦਿਨ ਪਹਿਲਾਂ ਜ਼ਿਲ੍ਹਾ ਮੈਜਿਸਟਰੇਟ ਜਾਂ ਉੱਮ ਮੰਡਲ ਮੈਜਿਸਟਰੇਟ ਜਾਂ ਬੀ.ਡੀ.ਪੀ.ਓ ਜਾਂ ਸਰਪੰਚ ਜਾਂ ਪਬਲਿਕ ਹੈਲਥ/ ਮਿਊਂਸਪੈਲਟੀ ਕਮੇਟੀ ਦੇ ਸਬੰਧਤ ਅਫ਼ਸਰ ਨੂੰ ਸੂਚਿਤ ਕਰਨਗੇ। ਖੂਹ/ਬੋਰ ਲਗਾਉਣ ਵਾਲੀਆਂ ਸਾਰੀਆਂ ਏਜੰਸੀਆਂ ਜਿਵੇਂ ਕਿ ਸਰਕਾਰੀ/ਅਰਧ ਸਰਕਾਰੀ/ ਨਿੱਜੀ ਆਦਿ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਦੇ ਧਿਆਨ ਵਿੱਚ ਲਿਆਉਂਦਿਆਂ ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮੰਡਲ 1/2 ਗੁਰਦਾਸਪੁਰ ਪਾਸੋਂ ਅਜਿਹੀਆਂ ਰਜਿਸਟ੍ਰੇਸ਼ਨ ਕਰਾਉਣਗੀਆਂ ਭਾਵ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਕੋਈ ਵੀ ਵਿਅਕਤੀ, ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਗੁਰਦਾਸਪੁਰ ਦੇ ਅਧਿਕਾਰ ਖੇਤਰ ਅਨੁਸਾਰ ਬਿਨਾਂ ਰਜਿਸਟ੍ਰੇਸ਼ਨ/ਲ਼ਿਖ਼ਤੀ ਪ੍ਰਵਾਨਗੀ ਖੂਹ/ਬੋਰ ਨਹੀਂ ਲਗਵਾਏਗਾ। ਖੂਹ/ਬੋਰ ਲਗਾਉਣ ਵਾਲੀ ਜਗ੍ਹਾ ਦੇ ਨਜ਼ਦੀਕ ਸਾਈਨ ਬੋਰਡ ਉੱਤੇ ਖੂਹ/ਬੋਰ ਲਗਾਉਣ ਵਾਲੀਆਂ ਏਜੰਸੀਆਂ ਦਾ ਪਤਾ ਅਤੇ ਬੋਰ ਦੇ ਮਾਲਕ ਦਾ ਪੂਰਾ ਪਤਾ ਹੋਣਾ ਚਾਹੀਦਾ ਹੈ।  ਖੂਹ/ਬੋਰ ਦੀ ਖੁਦਾਈ ਸਮੇਂ ਉਸ ਜਗਾ ਦੇ ਆਲੇ-ਦੁਆਲੇ ਕੰਡਿਆਲੀ ਤਾਰ ਜਾਂ ਕੋਈ ਉੱਚਿਤ ਬੈਰੀਕੈਡਿੰਗ ਲਗਾਉਣੀ ਹੋਵੇਗੀ। ਖੂਹ/ਬੋਰ ਦੀ ਉਸਾਰੀ ਤੋਂ ਬਾਅਦ ਉਸ ਦੇ ਤਲੇ ਜ਼ਮੀਨ ਦੇ ਪੱਧਰ ਤੋਂ ਉੱਪਰ ਅਤੇ ਥੱਲੇ ਸੀਮੈਂਟ ਅਤੇ ਕੰਕਰੀਟ ਦਾ ਨਿਸਚਿਤ ਪਲੇਟ ਫਾਰਮ ਬਣਾਉਣਾ ਹੋਵੇਗਾ। ਖੂਹ/ਬੋਰ ਦਾ ਢੱਕਣ ਕੇਸਿੰਗ ਪਾਈਪ ਨਾਲ ਨਟ-ਬੋਲਟਾਂ ਨਾਲ ਫਿਕਸ ਹੋਣਾ ਚਾਹੀਦਾ ਹੈ। ਪੰਪ ਦੀ ਮੁਰੰਮਤ ਦੀ ਸੂਰਤ ਵਿੱਚ ਖੂਹ/ਬੋਰ ਨੂੰ ਖੁੱਲਾ ਨਾ ਛੱਡਿਆ ਜਾਵੇ। ਖੂਹ/ਬੋਰ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਟੋਆ ਮਿੱਟੀ ਨਾਲ ਚੰਗੀ ਤਰਾਂ ਭਰ ਦਿੱਤਾ ਜਾਵੇ। ਨਕਾਰਾ/ਬੰਦ ਪਏ ਖੂਹ ਨੂੰ ਮਿੱਟੀ/ਪੱਥਰ/ਕੰਕਰੀਟ ਵਗੈਰਾ ਨਾਲ ਤਲੇ ਤੋਂ ਲੈ ਕੇ ਉੱਪਰ ਤੱਕ ਚੰਗੀ ਤਰਾਂ ਭਰ ਕੇ ਬੰਦ ਕਰ ਦਿੱਤਾ ਜਾਵੇ। ਖੂਹ/ਬੋਰ ਦੀ ਪਟਾਈ ਦਾ ਕੰਮ ਮੁਕੰਮਲ ਹੋਣ ’ਤੇ ਜਿਸ ਜਗਾ ’ਤੇ ਖੂਹ/ਬੋਰ ਬਣਾਇਆ ਹੈ, ਦੀ ਸਥਿਤੀ ਪਹਿਲਾਂ ਵਾਲੀ ਬਰਕਰਾਰ ਬਣਾਈ ਜਾਵੇ। ਡੀ.ਡੀ.ਪੀ.ਓ. ਗੁਰਦਾਸਪੁਰ ਸਾਰੇ ਜ਼ਿਲ੍ਹੇ ਦੇ ਬੋਰ/ਖੂਹਾਂ ਦੀ ਸੂਚਨਾ ਬੀ.ਡੀ.ਪੀ.ਓਜ਼/ ਸਰਪੰਚਾਂ ਪਾਸੋਂ ਇਕੱਤਰ ਕਰਕੇ ਆਪਣੇ ਦਫ਼ਤਰ ਵਿੱਚ ਤਿਆਰ ਰੱਖਣ। ਸ੍ਰੀ ਸੁਭਾਸ਼ ਚੰਦਰ, ਪੀ.ਸੀ.ਐੱਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਜ਼ਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਉਪਰੋਕਤ ਦਰਸਾਈਆਂ ਗਈਆਂ ਹਦਾਇਤਾਂ ਤੋਂ ਬਿਨਾਂ ਕੋਈ ਵੀ ਵਿਅਕਤੀ ਸਰਕਾਰੀ/ਗੈਰ ਸਰਕਾਰੀ ਸੰਸਥਾਵਾਂ ਜਾਂ ਹੋਰ ਕੋਈ ਸਬੰਧਿਤ ਵਿਭਾਗਾਂ ਪਾਸੋਂ ਲਿਖਤੀ ਪ੍ਰਵਾਨਗੀ ਅਤੇ ਦੇਖ-ਰੇਖ ਤੋਂ ਬਗੈਰ ਕੱਚੀਆਂ ਖੂਹੀਆਂ ਨਹੀਂ ਪੁੱਟੇਗਾ/ਪੁਟਾਏਗਾ। ਪਾਬੰਦੀ ਦੇ ਇਹ ਹੁਕਮ 1 ਮਾਰਚ 2024 ਤੋਂ 29 ਅਪ੍ਰੈਲ 2024 ਤੱਕ ਲਾਗੂ ਰਹਿਣਗੇ।