ਸੰਸਦ ਮੈਂਬਰ ਔਜਲਾ ਨੂੰ ਮਿਲੀ ਨਵੀਂ ਜ਼ਿੰਮੇਵਾਰੀ, ਪੈਟਰੋਲੀਅਮ ਅਤੇ ਕੁਦਰਤੀ ਗੈਸ ਕਮੇਟੀ ਦੇ ਮੈਂਬਰ ਬਣੇ

ਅੰਮ੍ਰਿਤਸਰ 28 ਸਤੰਬਰ 2024 : ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਲੋਕ ਸਭਾ ਸਪੀਕਰ ਵੱਲੋਂ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਲੋਕ ਸਭਾ ਦੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੰਸਦ ਮੈਂਬਰ ਔਜਲਾ ਨੂੰ ਹੋਰ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਸੰਸਦ ਮੈਂਬਰ ਔਜਲਾ ਨੇ ਇਸ ਨਿਯੁਕਤੀ ਲਈ ਸਪੀਕਰ ਅਤੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਨਿਯੁਕਤੀ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਲੋਕਾਂ ਦੀ ਭਲਾਈ ਅਤੇ ਦੇਸ਼ ਦਾ ਵਿਕਾਸ ਉਨ੍ਹਾਂ ਦਾ ਸੁਪਨਾ ਹੈ ਜਿਸ ਲਈ ਉਹ ਹਮੇਸ਼ਾ ਕੰਮ ਕਰਦੇ ਹਨ। ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਪੈਟਰੋਲੀਅਮ ਅਤੇ ਕੁਦਰਤੀ ਗੈਸ ਦੀ ਸਥਾਈ ਕਮੇਟੀ ਦੇ ਮੈਂਬਰ ਵੱਖ-ਵੱਖ ਮੁੱਦਿਆਂ ਦੀ ਜਾਂਚ ਕਰਕੇ ਰਿਪੋਰਟਾਂ ਸੌਂਪਣਗੇ, ਜਿਸ ਲਈ ਉਹ ਅੱਜ ਤੋਂ ਹੀ ਕੰਮ ਸ਼ੁਰੂ ਕਰ ਦੇਣਗੇ। ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਲੋਕ ਸਭਾ ਦੇ ਪੱਛੜੀਆਂ ਸ਼੍ਰੇਣੀਆਂ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ, ਜਿਸ ਲਈ ਉਹ ਕੰਮ ਵੀ ਕਰ ਰਹੇ ਹਨ ਅਤੇ ਜਲਦੀ ਹੀ ਚੰਗੇ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਉਹ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਰਹੇ ਹਨ ਅਤੇ ਦੇਸ਼ ਦਾ ਵਿਕਾਸ ਹਰ ਵਰਗ ਦੇ ਵਿਕਾਸ ਨਾਲ ਹੀ ਸੰਭਵ ਹੈ। ਲੋਕ ਸਭਾ ਦੀਆਂ ਇਨ੍ਹਾਂ ਕਮੇਟੀਆਂ ਰਾਹੀਂ ਉਹ ਕਈ ਯੋਜਨਾਵਾਂ ‘ਤੇ ਕੰਮ ਕਰ ਸਕਦੇ ਹਨ ਅਤੇ ਆਪਣੇ ਖੇਤਰ ਦੇ ਨਾਲ-ਨਾਲ ਦੇਸ਼ ਲਈ ਵਿਕਾਸ ਦੀਆਂ ਯੋਜਨਾਵਾਂ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਕਈ ਸਕੀਮਾਂ ਚਲਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ, ਇਸ ਲਈ ਉਹ ਹਰ ਸੰਭਵ ਯਤਨ ਕਰਨਗੇ।