ਫ਼ਾਰਮ ਸਲਾਹਕਾਰ ਸੇਵਾ ਕੇਂਦਰ ਤਰਨ ਤਾਰਨ ਵੱਲੋਂ ਲਗਾਈ ਗਈ ਨਾਖਾਂ ਦੀ ਪ੍ਰਦਰਸ਼ਨੀ

ਤਰਨ ਤਾਰਨ, 17 ਜੁਲਾਈ 2024 : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਫ਼ਲ ਵਿਗਿਆਨ ਵਿਭਾਗ ਅਤੇ ਐੱਮ. ਐੱਸ. ਰੰਧਾਵਾ ਫ਼ਲ ਖੋਜ ਕੇਂਦਰ, ਗੰਗੀਆਂ ਵਲੋਂ ਦਸੂਹਾ ਵਿਖੇ ਕਰਵਾਈ ਗਈ ਅੰਬਾਂ ਅਤੇ ਨਾਖਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ ਵਿੱਚ ਪੀ. ਏ. ਯੂ. ਦੇ ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਦੇ ਵਿਗਿਆਨੀਆਂ ਡਾ. ਪਰਵਿੰਦਰ ਸਿੰਘ (ਇੰਚਾਰਜ), ਡਾ. ਪਰਮਿੰਦਰ ਕੌਰ, ਡਾ. ਸਵਰੀਤ ਖਹਿਰਾ ਅਤੇ ਡਾ. ਪਰਮਿੰਦਰ ਸਿੰਘ ਸੰਧੂ ਵੱਲੋਂ ਨਾਖਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਪੱਥਰਨਾਖ ਅਤੇ ਬੱਗੂਗੋਸ਼ਾ ਦੀਆਂ 80 ਤੋਂ ਵੱਧ ਐਂਟਰੀਆਂ ਲਗਾਈਆਂ ਗਈਆਂ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਸਤਿਬੀਰ ਸਿੰਘ ਗੋਸਲ, ਕੁਲਪਤੀ, ਪੀ.ਏ.ਯੂ., ਲੁਧਿਆਣਾ ਸਨ।ਇਸ ਤੋਂ ਇਲਾਵਾ ਡਾ. ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ, ਡਾ. ਮੱਖਣ ਸਿੰਘ ਭੁੱਲਰ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡਾ. ਹਰਿੰਦਰ ਸਿੰਘ ਰਤਨਪਾਲ ਮੁੱਖੀ, ਫ਼ਲ ਵਿਗਿਆਨ ਵਿਭਾਗ ਦੀ ਅਗਵਾਈ ਹੇਠ ਇਹ ਪ੍ਰਦਰਸ਼ਨੀ ਤੇ ਗੋਸ਼ਟੀ ਸਫਲ ਹੋਈ।ਡਾ. ਨਵਪ੍ਰੇਮ ਸਿੰਘ ਅਤੇ ਡਾ. ਸੁਮਨਜੀਤ ਕੌਰ ਨੇ ਇਸ ਪ੍ਰਦਰਸ਼ਨੀ ਅਤੇ ਗੋਸ਼ਟੀ ਨੂੰ ਸਫਲ ਬਣਾਉਣ ਲਈ ਸਾਰੇ ਪ੍ਰਬੰਧ ਕੀਤੇ। ਇਸ ਮੌਕੇ ‘ਤੇ ਡਾ. ਗੋਸਲ, ਕੁਲਪਤੀ, ਪੀ. ਏ. ਯੂ., ਲੁਧਿਆਣਾ ਨੇ ਦੱਸਿਆ ਕਿ ਅਜਿਹੀਆਂ ਪ੍ਰਦਰਸ਼ਨੀਆਂ ਅਤੇ ਗੋਸ਼ਟੀਆਂ ਵੱਧ ਤੋਂ ਵੱਧ ਕਰਨੀ ਚਾਹੀਦੀਆਂ ਹਨ ਤਾਂ ਜੋ ਵੱਖ ਵੱਖ ਜਿਲ੍ਹਿਆਂ ਦੇ ਬਾਗਬਾਨਾਂ ਨੂੰ ਲਾਭ ਹੋ ਸਕੇ।ਪੀ. ਏ. ਯੂ. ਦੇ ਨਿਰਦੇਸ਼ਕ ਖੋਜ ਡਾ. ਢੱਟ ਨੇਂ ਨਾਸ਼ਪਾਤੀ ਦੀ ਸਫਲ ਅਤੇ ਮੁਨਾਫ਼ੇ ਵਾਲੀ ਕਾਸ਼ਤ ਲਈ ਪੀ. ਏ. ਯੂ. ਦੀਆਂ ਸਿਫ਼ਾਰਸ਼ਾਂ ਨੂੰ ਅਪਣਾਉਣ `ਤੇ ਜ਼ੋਰ ਦਿੱਤਾ। ਡਾ. ਭੁੱਲਰ ਨੇ ਬਾਗਬਾਨਾਂ ਨੂੰ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਸੰਪਰਕ ਵਿੱਚ ਰਹਿਣ ਅਤੇ ਖੇਤੀ ਸਾਹਿਤ ਨਾਲ ਜੁੜਣ ਦੀ ਸਲਾਹ ਦਿੱਤੀ।ਡਾ. ਰਤਨਪਾਲ ਨੇ ਬਾਗਬਾਨਾਂ ਨੂੰ ਅਜਿਹੇ ਪ੍ਰੋਗਰਮਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਨ੍ਹਾਂ ਨੂੰ ਨਵੀਆਂ ਤਕਨੀਕਾਂ ਬਾਰੇ ਵੱਧ ਤੋਂ ਵੱਧ ਜਾਣੂ ਕਰਾਇਆ ਜਾ ਸਕੇ।ਇਸ ਤੋਂ ਇਲਾਵਾ ਵਿਗਿਆਨੀਆਂ ਨੇ ਫਲਾਂ ਦੀ ਸਫਲ ਕਾਸ਼ਤ, ਤੁੜਾਈ ਅਤੇ ਪੈਕਿੰਗ ਦੇ ਤਰੀਕਿਆਂ ਬਾਰੇ ਦੱਸਿਆ। ਇਸ ਪ੍ਰੋਗਰਾਮ ਵਿੱਚ ਤਰਨ ਤਾਰਨ ਜਿਲ੍ਹੇ ਦੇ ਅਗਾਂਹਵਦੂ ਬਾਗਬਾਨ ਬਲਰਾਜ ਸਿੰਘ ਪਿੰਡ ਕੁੱਲਾ, ਤਜਿੰਦਰ ਸਿੰਘ, ਫਤਿਹਜੀਤ ਸਿੰਘ, ਹੰਸਰਾਜ ਸਿੰਘ ਸੇਖੋਂ ਪਿੰਡ ਪੱਟੀ, ਰਜਿੰਦਰਪਾਲ ਸਿੰਘ ਪਿੰਡ ਕੰਗ ਅਤੇ ਹੋਰ ਕਿਸਾਨਾਂ ਨੇ ਹਿੱਸਾ ਲਿਆ।ਇਸ ਮੌਕੇ ਜ਼ਿਲ੍ਹੇ ਦੇ 8 ਬਾਗਬਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।