ਸਖੀ ਵਨ ਸਟੋਪ ਸੈਂਟਰ ਰਾਹੀ 1214 ਤੋਂ ਵੀ ਵੱਧ ਲੋੜਵੰਦ ਔਰਤਾਂ ਨੇ ਉਠਾਇਆ ਲਾਭ

ਗੁਰਦਾਸਪੁਰ, 19 ਜੁਲਾਈ 2024 : ਇਸਤਰੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਉਣ ਸਬੰਧੀ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਭਾਰਤ ਸਰਕਾਰ ਵੱਲੋਂ ਪ੍ਰਾਪਤ ਸਪੈਸ਼ਲ ਜਾਗਰੂਕਤਾ 100 ਦਿਨਾਂ ਕਲੰਡਰ ਦੇ ਸਬੰਧ ਵਿੱਚ  ਲੋਕਾਂ ਨੂੰ ਸਖੀ ਵਨ ਸਟੋਪ ਸੈਂਟਰ ਅਤੇ ਜ਼ਿਲ੍ਹਾ ਹੱਬ (ਡੀ.ਐੱਚ.ਈ.ਡਬਲਯੂ) ਰਾਹੀ ਔਰਤਾਂ ਦੇ ਵੱਖ –ਵੱਖ ਅਧਿਕਾਰਾਂ ਤੇ ਸਕੀਮਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ । ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਜੀਵ ਕੁਮਾਰ ਬਸ਼ੀਨ ਨੇ ਦੱਸਿਆ ਕਿ ਔਰਤਾਂ ਨੂੰ ‘ ਬੇਟੀ ਬਚਾਓ ਬੇਟੀ ਪੜ੍ਹਾਓ ‘ਸਖੀ ਵਨ ਸਟੋਪ ਸੈਂਟਰ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਮੁਫ਼ਤ ਕਾਨੂੰਨੀ ਸਹਾਇਤਾ, ਮਹਿਲਾ ਹੈਲਪ ਲਾਈਨ ਨੰਬਰ 181 ਆਦਿ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸਖੀ ਵਨ ਸਟੋਪ ਸੈਂਟਰ,ਗੁਰਦਾਸਪੁਰ ਦੇ ਮੈਂਬਰ ਜਾਗਰੂਕਤਾ ਗਤੀਵਿਧੀਆਂ ਚ ਹਿੱਸਾ ਲੈਂਦੇ ਹੋਏ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ  ਵਿੱਚ ਚੱਲ ਰਹੇ ਸਖੀ ਵਨ ਸਟੋਪ ਸੈਂਟਰ , ਮਹਿਲਾ ਹੈਲਪ ਲਾਈਨ ਨੰਬਰ ਰਾਹੀਂ ਪੀੜਤ ਔਰਤਾਂ ਨੂੰ ਕਾਫ਼ੀ ਮਦਦ ਮਿਲ ਰਹੀ ਹੈ, ਜਿਸ ਚ ਘਰੇਲੂ ਹਿੰਸਾ, ਤੇਜ਼ਾਬੀ ਹਮਲਾ,  ਛੇੜਛਾੜ ਦੇ ਅਪਰਾਧ , ਸਾਈਬਰ ਕ੍ਰਾਈਮ ਜਾਂ ਕਿਸੇ ਵੀ ਤਰ੍ਹਾਂ ਦੇ ਹੋ ਰਹੇ ਅੱਤਿਆਚਾਰ ਸਬੰਧੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਤਹਿਤ ਮਨੋਵਿਗਿਆਨਿਕ ਕੌਂਸਲਿੰਗ ,ਪੁਲਸ ਸਹਾਇਤਾ, ਮੁਫ਼ਤ ਕਾਨੂੰਨੀ ਸਹਾਇਤਾ, ਮੈਡੀਕਲ ਸਹਾਇਤਾ ਅਤੇ ਲੋੜਵੰਦਾਂ ਨੂੰ ਅਸਥਾਈ ਰਿਹਾਇਸ਼ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਖੀ ਵਨ ਸਟੋਪ ਸੈਂਟਰ ਗੁਰਦਾਸਪੁਰ ਹੁਣ ਤੱਕ 1214 ਦੇ ਕਰੀਬ ਹਿੰਸਾ ਨਾਲ ਪੀੜਤ ਔਰਤਾਂ ਨੂੰ ਵੱਖ-ਵੱਖ ਸਹਾਇਤਾ ਪ੍ਰਦਾਨ ਕਰ ਚੁੱਕਾ ਹੈ ਅਤੇ ਅਜਿਹੀਆਂ ਸਹੂਲਤਾਂ ਮਿਸ਼ਨ ਸੰਕਲਪ ਅਧੀਨ ਇਹ 100 ਦਿਨਾਂ ਦੀ ਜਾਗਰੂਕਤਾ ਗਤੀਵਿਧੀਆਂ ਦੇਸ਼ ਭਰ ਚ ਜਾਰੀ ਹਨ । ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਔਰਤਾਂ ਦੇ ਪੱਖ ਚ ਆਏ ਨਵੇਂ ਕਾਨੂੰਨਾਂ ਬਾਰੇ ਜਾਣੂ ਕਰਵਾਉਣ ਦੇ ਨਾਲ ਨਾਲ ਵਿਭਾਗ ਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋੜਵੰਦ ਔਰਤਾਂ ਲਾਭ ਉਠਾ ਸਕਣ ।