ਸਿੱਖਿਆ ਵਿਭਾਗ ਸੈਕੰਡਰੀ ਵੱਲੋਂ ਐਮ.ਡੀ.ਕੇ. ਸਕੂਲ ਵਿਖੇ ਕਰਵਾਏ ਜਿਲ੍ਹਾ ਪੱਧਰੀ ਅੰਡਰ ਨੇਸਨਲ ਸਕੂਲ ਬੈਂਡ ਮੁਕਾਬਲੇ

  • ਜਿਲ੍ਹਾ ਪੱਧਰੀ ਅੰਡਰ ਨੇਸਨਲ ਸਕੂਲ ਬੈਂਡ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਪਠਾਨਕੋਟ, 23 ਨਵੰਬਰ : ਅੱਜ ਐਮ.ਡੀ.ਕੇ. ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿਖੇ ਸਿੱਖਿਆ ਵਿਭਾਗ (ਸੈਕੰਡਰੀ) ਵੱਲੋਂ ਸ੍ਰੀ ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਦੇ ਦਿਸਾ ਨਿਰਦੇਸਾਂ ਅਨੁਸਾਰ ਸ੍ਰੀ ਅਰੁਣ ਕੁਮਾਰ ਕੋਆਰਡੀਨੇਟਰ ਖੇਡ ਵਿਭਾਗ ਸਿੱਖਿਆ ਸੈਕੰਡਰੀ ਜੀ ਦੀ ਪ੍ਰਧਾਨਗੀ ਵਿੱਚ ਅੰਡਰ ਨੇਸਨਲ ਸਕੂਲ ਬੈਂਡ ਮੁਕਾਬਲੇ ਕਰਵਾਏ ਗਏ। ਇਸ ਮੋਕੇ ਤੇ ਸ੍ਰੀ ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਜੀ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੀਤਾ ਗਿਆ। ਇਸ ਮਗਰੋਂ ਮੁੱਖ ਮਹਿਮਾਨ ਵੱਖ ਵੱਖ ਸਕੂਲਾਂ ਦੇ ਬੈਂਡ ਨੂੰ ਲੀਡ ਕਰ ਰਹੇ ਕੈਪਟਨਾਂ ਨੂੰ ਮਿਲੇ। ਜਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਜਿਲ੍ਹਾ ਪਠਾਨਕੋਟ ਅੰਦਰ ਪਹਿਲਾ ਜੋਨਲ ਬੈਂਡ ਮੁਕਾਬਲੇ ਕਰਵਾਏ ਗਏ ਸਨ ਜਿਸ ਵਿੱਚ 22 ਵੱਖ ਵੱਖ ਸਕੂਲਾਂ ਦੇ ਬੈਂਡਾਂ ਵੱਲੋਂ ਭਾਗ ਲਿਆ ਗਿਆ ਅਤੇ ਅੱਜ ਜਿਲ੍ਹਾ ਪੱਧਰੀ ਬੈਂਡ ਮੁਕਾਬਲਿਆਂ ਵਿੱਚ ਜੋਨਲ ਪੱਧਰ ਤੇ ਜੇਤੂ ਰਹੀਆਂ ਕਰੀਬ 10 ਸਕੂਲਾਂ ਦੇ ਬੈਂਡਾਂ ਵੱਲੋਂ ਭਾਗ ਲਿਆ ਗਿਆ। ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਜਿਲ੍ਹਾ ਪੱਧਰੀ ਬੈਂਡ ਮੁਕਾਬਲਿਆਂ ਵਿੱਚੋਂ ਜੇਤੂ ਰਹੀਆਂ ਟੀਮਾਂ ਪੰਜਾਬ ਪੱਧਰ ਤੇ ਬੈਂਡ ਮੁਕਾਬਲਿਆਂ ਵਿੱਚ ਭਾਗ ਲੈਣਗੇ। ਅੱਜ ਦੇ ਬੈਂਡ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਧਾਨੀ ਨੇ ਦੂਸਰਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਨੇ ਕਿਹਾ ਕਿ ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਵੱਖ ਵੱਖ ਪ੍ਰਤਿਯੋਗਿਤਾਵਾਂ ਵਿੱਚ ਵੀ ਭਾਗ ਲੈਣਾਂ ਚਾਹੀਦਾ ਹੈ ਇਸ ਨਾਲ ਵਿਦਿਆਰਥੀਆਂ ਅੰਦਰ ਅਨੁਸਾਸਨ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਅੱਗੇ ਵੱਧਣ ਦੀ ਵੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਜੇਤੂ ਰਹੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਆਸਾ ਕਰਦੇ ਹਨ ਕਿ ਪੰਜਾਬ ਪੱਧਰ ਤੇ ਜਿਲ੍ਹਾ ਪਠਾਨਕੋਟ ਦੀਆਂ ਬੈਂਡ ਟੀਮਾਂ ਜੇਤੂ ਰਹਿ ਕੇ ਜਿਲ੍ਹਾ ਪਠਾਨਕੋਟ ਦਾ ਨਾਮ ਰੋਸਨ ਕਰਨਗੀਆਂ। ਸਮਾਰੋਹ ਦੋਰਾਨ ਜੇਤੂ ਰਹੀਆਂ ਸਕੂਲ ਦੀਆਂ ਟੀਮਾਂ ਨੂੰ ਯਾਦਗਾਰ ਚਿਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦੋਰਾਨ ਸਰਵਸ੍ਰੀ ਮੁਲਤਾਨ ਸਿੰਘ ਪ੍ਰਤਾਪ ਵਰਡ ਸਕੂਲ ਪਠਾਨਕੋਟ, ਮਨਦੀਪ ਸਿੰਘ ਡੀ.ਪੀ.ਆਈ, ਕੁਲਵਿੰਦਰ ਸਿੰਘ ਡੀ.ਪੀ.ਆਈ. ਅਤੇ ਮਦਨ ਲਾਲ ਡੀ.ਪੀ.ਆਈ. ਵੱਲੋਂ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਈ।